ਪ੍ਰਭੂ ਦਿਆਲ
ਸਿਰਸਾ, 29 ਜਨਵਰੀ
ਹਰਿਆਣਾ ਸਰਕਾਰ ਵੱਲੋਂ ਟੌਲ ਪਲਾਜ਼ਿਆਂ ਤੇ ਮੁੜ ਤੋਂ ਪਰਚੀ ਸ਼ੁਰੂ ਕਰਵਾਉਣ ਦੇ ਖਦਸ਼ੇ ਨੂੰ ਵੇਖਦੇ ਹੋਏ ਕਿਸਾਨ ਵੱਡੀ ਗਿਣਤੀ ’ਚ ਭਾਵਦੀਨ ਟੌਲ ਪਲਾਜ਼ੇ ’ਤੇ ਪਹੁੰਚ ਕੇ ਧਰਨਾ ਦੇ ਰਹੇ ਹਨ। ਕਿਸਾਨਾਂ ਦੀ ਹਮਾਇਤ ਵਿੱਚ ਦੁਕਾਨਦਾਰ ਤੇ ਕਰਮਚਾਰੀ ਜਥੇਬੰਦੀਆਂ ਵੀ ਭਾਵਦੀਨ ਟੌਲ ਪਲਾਜ਼ੇ ’ਤੇ ਪਹੁੰਚੀਆਂ ਹਨ।
ਹਰਿਆਣਾ ਰੋਡਵੇਜ ਕਰਮਚਾਰੀ, ਸਰਵ ਕਰਮਚਾਰੀ ਸੰਘ ਨਾਲ ਜੁੜੇ ਕਰਮਚਾਰੀ ਵੱਡੀ ਗਿਣਤੀ ’ਚ ਅੱਜ ਭਾਵਦੀਨ ਟੌਲ ਪਲਾਜ਼ੇ ’ਤੇ ਪਹੁੰਚੇ ਤੇ ਕਿਸਾਨਾਂ ਦੀ ਹਮਾਇਤ ਕਰਦਿਆਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ। ਇਸੇ ਤਰ੍ਹਾਂ ਡਿੰਗ ਰੋਡ ਤੇ ਡਿੰਗ ਮੰਡੀ ਦੇ ਦੁਕਾਨਦਾਰ ਵੀ ਅੱਜ ਵੱਡੀ ਗਿਣਤੀ ’ਚ ਕਿਸਾਨਾਂ ਦੀ ਹਮਾਇਤ ’ਚ ਭਾਵਦੀਨ ਟੌਲ ’ਤੇ ਪਹੁੰਚੇ। ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਟੌਲ ਪਲਾਜ਼ਿਆਂ ’ਤੇ ਮੁੜ ਪਰਚੀ ਸ਼ੁਰੂ ਕਰਨ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸਾਨ ਟੌਲ ਪਲਾਜ਼ਿਆਂ ’ਤੇ ਪਰਚੀ ਸ਼ੁਰੂ ਨਹੀਂ ਹੋਣ ਦੇਣਗੇ।