ਪ੍ਰਭੂ ਦਿਆਲ
ਸਿਰਸਾ, 18 ਮਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਪੰਜਾਬ ’ਚ ‘ਮੁਫ਼ਤ’ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕੀ, ਜਿਸ ਕਰਕੇ ਕਿਸਾਨਾਂ ਨੂੰ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਲਾਉਣਾ ਪਿਆ ਹੈ। ਪਾਣੀਆਂ ਦੇ ਮੁੱਦੇ ’ਤੇ ਪੰਜਾਬ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਹਰਿਆਣਾ ਦੇ ਹਿੱਸੇ ਦਾ ਪਾਣੀ ਮਿਲ ਸਕੇ। ਉਹ ਅੱਜ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਕਰੀਬ ਸਾਢੇ ਤਿੰਨ ਸੌ ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੇ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਭਾਵਦੀਨ ’ਚ ਪਿਛਲੇ ਦਿਨੀਂ ਜੰਮੂ ਕਸ਼ਮੀਰ ’ਚ ਅਤਿਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਫ਼ੌਜੀ ਨਿਸ਼ਾਨ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਸਕੂਲ ਦਾ ਨਾਂ ਸ਼ਹੀਦ ਨਿਸ਼ਾਨ ਸਿੰਘ ਦੇ ਨਾਂ ’ਤੇ ਰੱਖੇ ਜਾਣ ਦਾ ਐਲਾਨ ਵੀ ਕੀਤਾ। ਇਸ ਮੌਕੇ ’ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ, ਬਿਜਲੀ ਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ, ਐੱਮਪੀ ਸੁਨੀਤਾ ਦੁੱਗਲ ਸਮੇਤ ਕਈ ਭਾਜਪਾ ਤੇ ਜਜਪਾ ਦੇ ਸੀਨੀਅਰ ਆਗੂ ਉਨ੍ਹਾਂ ਨਾਲ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਨਗਰ ਪਾਲਿਕਾ ਤੇ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਚੋਣ ਕਮਿਸ਼ਨ ਵਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜੂਨ-ਜੁਲਾਈ ’ਚ ਨਗਰ ਪਾਲਿਕਾ ਦੀਆਂ ਚੋਣਾਂ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਨਗਰ ਪਾਲਿਕਾ ਦੀਆਂ ਚੋਣਾਂ ਭਾਜਪਾ-ਜਜਪਾ ਵੱਲੋਂ ਰਲ ਕੇ ਲੜੇ ਜਾਣ ਦੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਦੋਵਾਂ ਪਾਰਟੀਆਂ ਦੀ ਸੰਸਦੀ ਕਮੇਟੀ ਮੀਟਿੰਗ ਕਰਕੇ ਲਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛੇ ਪਈ ਗਰਮੀ ਦੌਰਾਨ ਸੂਬੇ ਵਿੱਚ ਬਿਜਲੀ ਦੀ ਕੁਝ ਸਮੱਸਿਆ ਪੈਦਾ ਹੋਈ ਸੀ ਜਿਸ ਨੂੰ ਹੁਣ ਦੂਰ ਕਰ ਲਿਆ ਗਿਆ ਹੈ ਤੇ ਹੁਣ ਬਿਜਲੀ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਉਣੀ ਦੀ ਫ਼ਸਲ ਲਈ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਕਣਕ ’ਤੇ ਬੋਨਸ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਐਤਕੀਂ ਸਰਕਾਰ ਨੇ ਪੰਜਾਹ ਫੀਸਦੀ ਕਣਕ ਕਿਸਾਨਾਂ ਤੋਂ ਸਰਕਾਰ ਨੇ ਐੱਮਐੱਸਪੀ ਤੇ ਖਰੀਦੀ ਹੈ ਜਦੋਂਕਿ ਪੰਜਾਹ ਫੀਸਦੀ ਕਿਸਾਨਾਂ ਨੇ ਕਣਕ ਜਿਆਦਾ ਭਾਅ ’ਤੇ ਨਿੱਜੀ ਵਪਾਰੀਆਂ ਕੋਲ ਵੇਚੀ ਹੈ। ਕਿਸਾਨ 31 ਮਈ ਤੱਕ ਆਪਣੀ ਕਣਕ ਸਰਕਾਰ ਕੋਲ ਵੇਚ ਸਕਦੇ ਹਨ।