ਪ੍ਰਭੂ ਦਿਆਲ
ਸਿਰਸਾ, 12 ਨਵੰਬਰ
ਦਸ ਦਿਨਾਂ ਤੋਂ ਕਿਸਾਨ ਡੀਏਪੀ ਖਾਦ ਲਈ ਖੁਆਰ ਹੋ ਰਹੇ ਹਨ। ਖਾਦ ਲਈ ਸਵੇਰੇ ਪੰਜ ਵਜੇ ਡੀਲਰਾਂ ਦੀਆਂ ਦੁਕਾਨਾਂ ਅੱਗੇ ਕਤਾਰਾਂ ’ਚ ਲੱਗ ਜਾਂਦੇ ਹਨ ਪਰ ਸ਼ਾਮ ਤੱਕ ਸਾਰੇ ਕਿਸਾਨਾਂ ਨੂੰ ਖਾਦ ਨਹੀਂ ਮਿਲਦੀ। ਅੱਕੇ ਕਿਸਾਨਾਂ ਨੇ ਅੱਜ ਜਨਤਾ ਭਵਨ ਰੋਡ ’ਤੇ ਕੁਝ ਸਮੇਂ ਲਈ ਜਾਮ ਲਾ ਕੇ ਨਾਅਰੇਬਾਜ਼ੀ ਕੀਤੀ। ਜਾਮ ਦੀ ਸੂਚਨਾ ਮਿਲਣ ’ਤੇ ਪੁਲੀਸ ਤੇ ਖੇਤੀਬਾੜੀ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਖਾਦ ਦਿੱਤੇ ਜਾਣ ਦਾ ਭਰੋਸਾ ਦਿਵਾ ਕੇ ਜਾਮ ਖੁੱਲ੍ਹਵਾਇਆ। ਜਨਤਾ ਭਵਨ ਰੋਡ ’ਤੇ ਖਾਦ ਲੈਣ ਲਈ ਆਏ ਪਿੰਡ ਫਰਵਾਈ, ਪਨਿਹਾਰੀ, ਨੇਜਾਡੇਲਾ ਕਲਾਂ, ਬਾਜੇਕਾਂ ਦੇ ਅਨੇਕ ਕਿਸਾਨਾਂ ਨੇ ਦੱਸਿਆ ਕਿ ਕਣਕ ਬੀਜਣ ਦਾ ਹੁਣ ਸਮਾਂ ਹੈ ਪਰ ਡੀਏਪੀ ਖਾਦ ਨਾ ਮਿਲਣ ਕਾਰਨ ਉਨ੍ਹਾਂ ਨੂੰ ਡਰ ਹੈ ਕੇ ਕਣਕ ਦੀ ਬੀਜਾਈ ਪਿਛੇਤੀ ਹੋ ਜਾਵੇਗੀ।