ਪ੍ਰਭੂ ਦਿਆਲ
ਸਿਰਸਾ, 20 ਫਰਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟੌਲ ਪਲਾਜ਼ੇ ’ਤੇ ਜਿਥੇ ਕਿਸਾਨਾਂ ਦਾ ਧਰਨਾ ਜਾਰੀ ਹੈ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਿਸਾਨਾਂ ਵੱਲੋਂ ਲਾਇਆ ਗਿਆ ਪੱਕਾ ਮੋਰਚਾ ਵੀ ਜਾਰੀ ਹੈ। 23 ਫਰਵਰੀ ਨੂੰ ‘ਪਗੜੀ ਸੰਭਾਲ’ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਿਸਾਨ ਆਗੂਆਂ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਦੀਆਂ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਇਕਜੁੱਟ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕਿਸਾਨਾਂ ਦੇ ਜੱਥਿਆਂ ਦੀ ਦਿੱਲੀ ਜਾਣ ਦਾ ਸਿਲਸਿਲਾ ਵੀ ਜਾਰੀ ਹੈ।
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਲਾਇਆ ਗਿਆ ਪੱਕਾ ਮੋਰਚਾ ਦੇ ਤਹਿਤ ਜਿਥੇ ਕਿਸਾਨਾਂ ਦਾ ਧਰਨਾ ਜਾਰੀ ਹੈ ਉਥੇ ਹੀ ਬਹਾਵਦੀਨ ਟੌਲ ਪਲਾਜ਼ੇ ’ਤੇ ਕਿਸਾਨਾਂ ਵੱਲੋਂ ਲਾਇਆ ਧਰਨਾ ਵੀ ਜਾਰੀ ਹੈ। ਕਿਸਾਨਾਂ ਨੇ ਪਿਛਲੀ 25 ਦਸੰਬਰ ਤੋਂ ਟੌਲ ਪਲਾਜ਼ੇ ਨੂੰ ਪਰਚੀ ਮੁਕਤ ਕੀਤਾ ਹੋਇਆ ਹੈ। ਟੌਲ ਪਲਾਜ਼ੇ ’ਤੇ ਲਗਾਤਾਰ ਚਲ ਰਹੇ ਧਰਨੇ ਲਈ ਪਿੰਡਾਂ ਦੇ ਲੋਕਾਂ ਵੱਲੋਂ ਵਾਰੀ ਵਾਰੀ ਲੰਗਰ ਦੀ ਸੇਵਾ ਲਾਈ ਹੋਈ ਹੈ। ਇਸੇ ਲੜੀ ਵਿੱਚ ਅੱਜ ਜੀਵਨ ਨਗਰ ਦੇ ਐੱਨਆਰਆਈ ਵੱਲੋਂ ਦੋ ਦਿਨਾਂ ਲਈ ਲੰਗਰ ਦੀ ਸੇਵਾ ਲਾਈ ਗਈ ਹੈ। ਇਸੇ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ‘ ਪੰਗੜੀ ਸੰਭਾਲ’ ਪ੍ਰੋਗਰਾਮ ਕੀਤਾ ਜਾਵੇਗਾ। ਇਸ ਦੌਰਾਨ ਹਰਮੀਤ ਸਿੰਘ ਪੰਡੋਰੀਵਾਲਾ, ਲਖਵਿੰਦਰ ਸਿੰਘ ਸਿਰਸਾ, ਸੁਵਰਨ ਸਿੰਘ ਸੰਤ ਨਗਰ, ਗੁਰਪ੍ਰੀਤ ਗਿੱਲ, ਪ੍ਰਿੰਸ ਜੀਵਨ ਨਗਰ, ਛਿੰਦਾ ਬਰਾੜ, ਰੋਬਿਨ ਸੰਤ ਨਗਰ, ਗੁਰਵਿੰਦਰ ਗਿੱਲ, ਗੋਲੂ ਪੁਰੇਵਾਲ, ਰਾਮ ਸਰਪੰਚ, ਹਰਵਿੰਦਰ ਸਿੰਘ ਥਿੰਦ ਨੇ ਆਪਣੇ ਵਿਚਾਰ ਪ੍ਰਗਟ ਕੀਤੇ।