ਪ੍ਰਭੂ ਦਿਆਲ
ਸਿਰਸਾ, 29 ਦਸੰਬਰ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਟੌਲ ਪਲਾਜ਼ੇ ਪਰਚੀ ਮੁਕਤ ਕਰਨ ਦੇ ਸੱਦੇ ’ਤੇ ਅੱਜ ਪੰਜਵੇਂ ਦਿਨ ਵੀ ਨੈਸ਼ਨਲ ਹਾਈ ਵੇਅ ਨੌਂ ’ਤੇ ਸਥਿਤ ਭਾਵਦੀਨ ਟੌਲ ਪਲਾਜ਼ਾ ਪਰਚੀ ਮੁਕਤ ਰਿਹਾ। ਪੱਕਾ ਮੋਰਚਾ ਕਮੇਟੀ ਦੇ ਮੈਂਬਰ ਡਾ. ਸੁਖਦੇਵ ਸਿੰਘ ਜੰਮੂ ਅਤੇ ਕਿਸਾਨ ਆਗੂ ਹਰਵਿੰਦਰ ਸਿੰਘ ਥਿੰਦ ਨੇ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਹਰਿਆਣਾ ਦੇ ਸਾਰੇ ਟੌਲ ਪਰਚੀ ਮੁਕਤ ਕੀਤੇ ਗਏ ਹਨ ਅਤੇ ਇਹ ਉਦੋਂ ਤੱਕ ਪਰਚੀ ਮੁਕਤ ਰਹਿਣਗੇ, ਜਦੋਂ ਤੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ। ਉਧਰ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਲਾਇਆ ਗਿਆ ਪੱਕਾ ਮੋਰਚਾ ਜਾਰੀ ਹੈ। ਕਿਸਾਨਾ ਨੇ ਸਟੇਡੀਅਮ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਰਖਵਾਇਆ ਹੋਇਆ ਹੈ, ਜਿਸ ਦੇ ਭਲਕੇ ਭੋਗ ਪਾਏ ਜਾਣੇ ਹਨ। ਇਸੇ ਦੌਰਾਨ ਸੇਵਾਮੁਕਤ ਕਰਮਚਾਰੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਵਿੱਚ ਮਿੰਨੀ ਸਕੱਤਰੇਤ ’ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।