ਪ੍ਰਭੂ ਦਿਆਲ
ਸਿਰਸਾ, 13 ਜੁਲਾਈ
ਘੱਗਰ ’ਚ ਲਗਾਤਾਰ ਵੱਧ ਰਹੇ ਪਾਣੀ ਨੇ ਸੈਂਕੜੇ ਪਿੰਡਾਂ ਦੇ ਲੋਕਾਂ ਤੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਬਿਜਲੀ ਮੰਤਰੀ ਰਣਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਘੱਗਰ ਦੇ ਬੰਨ੍ਹਾਂ ਦਾ ਦੌਰਾ ਕੀਤਾ ਗਿਆ ਤੇ ਕਮਜ਼ੋਰ ਥਾਵਾਂ ਤੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪੰਚਾਇਤਾਂ ਤੇ ਪਿੰਡ ਦੇ ਲੋਕਾਂ ਨੂੰ ਕੰਮ ’ਤੇ ਲਾਇਆ ਗਿਆ ਹੈ। ਘੱਗਰ ’ਚ ਵੱਧ ਰਹੇ ਪਾਣੀ ਨੂੰ ਵੇਖਦਿਆਂ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਆਪਣੇ ਕੋਟੇ ’ਚੋਂ ਦਸ ਲੱਖ ਫੌਰੀ ਤੌਰ ’ਤੇ ਹੜ੍ਹ ਰੋਕਾਂ ਪ੍ਰਬੰਧਾਂ ਲਈ ਦੇਣ ਦਾ ਐਲਾਨ ਕੀਤਾ ਹੈ। ਪਿੰਡ ਮੱਲੇਵਾਲਾ, ਕਿਰਾੜਕੋਟ, ਬੁਢਾਭਾਣਾ, ਖੈਰੇਕਾਂ, ਸਾਹਰਨੀ, ਨੇਜਾਡੇਲਾ ਸਮੇਤ ਘੱਗਰ ਕੰਢੇ ਵਸੇ ਪਿੰਡਾਂ ਦੇ ਲੋਕਾਂ ’ਚ ਹੜ੍ਹ ਦਾ ਡਰ ਬਣਿਆ ਹੋਇਆ ਹੈ। ਪਿੰਡਾਂ ਨੂੰ ਹੜ੍ਹ ਤੋਂ ਬਚਾਉਣ ਲਈ ਪਿੰਡ ਦੇ ਪੁਰਸ਼ਾਂ ਨਾਲ ਔਰਤਾਂ ਵੀ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਲੱਗ ਗਈਆਂ ਹਨ।