ਪ੍ਰਭੂ ਦਿਆਲ
ਸਿਰਸਾ, 8 ਜੂਨ
ਮੁਹਾਲੀ ਹਵਾਈ ਅੱਡੇ ’ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਥਿਤ ਤੌਰ ’ਤੇ ਸੀਆਈਐੱਸਐਫ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੇ ਮਾਮਲੇ ’ਚ ਇਕਤਰਫਾ ਕਾਰਵਾਈ ਕੀਤੇ ਜਾਣ ਵਿਰੁੱਧ ਭਾਰਤੀ ਕਿਸਾਨ ਏਕਤਾ (ਬੀਕੇਈ) ਵੱਲੋਂ ਇਥੇ ਸ਼ਹਿਰ ਦੇ ਮੁੱਖ ਬਜ਼ਾਰਾਂ ’ਚ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਏ। ਇਸ ਦੌਰਾਨ ਭਾਰਤੀ ਕਿਸਾਨ ਏਕਤਾ ਵੱਲੋਂ ਭਾਜਪਾ ਦੇ ਕਾਰਕੁਨ ਵੱਲੋਂ ਕਿਸਾਨ ਅੰਦੋਲਨ ’ਚ ਸ਼ਾਮਲ ਮਹਿਲਾਵਾਂ ਬਾਰੇ ਆਪਣੇ ਫੈਸਬੁਕ ’ਤੇ ਟਿੱਪਣੀ ਕੀਤੇ ਜਾਣ ’ਤੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕਿਸਾਨਾਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।