ਪ੍ਰਭੂ ਦਿਆਲ
ਸਿਰਸਾ, 21 ਅਪਰੈਲ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲੀਸ ਨੇ ਅਹਿਮ ਸੂਚਨਾ ਦੇ ਆਧਾਰ ’ਤੇ ਭੁੱਕੀ ਨਾਲ ਭਰੇ ਟਰੱਕ ਨੂੰ ਕਾਬੂ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗਿ੍ਰਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਵਿਕਾਸ ਕੁਮਾਰ ਪੁੱਤਰ ਬੀਰਬਲ ਰਾਮ ਵਾਸੀ 2 ਜੀ ਗੰਗਾਨਗਰ, ਰਾਜਸਥਾਨ ਵਜੋਂ ਕੀਤੀ ਹੈ। ਜ਼ਿਲ੍ਹਾ ਪੁਲੀਸ ਕਪਤਾਨ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਬਰਾਮਦ ਹੋਈ ਭੁੱਕੀ ਦੀ ਕੀਮਤ ਤਕਰੀਬਨ ਇਕ ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਦਿੜਬਾ ’ਚ ਨਾਰਕੋਟਿਕ ਡਰੱਗਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਭੁੱਕੀ ਝਾਰਖੰਡ ਦੇ ਰਾਂਚੀ ਇਲਾਕੇ ਤੋਂ ਲਿਆਂਦੀ ਗਈ ਹੈ ਅਤੇ ਇਸ ਨੂੰ ਰਾਜਸਥਾਨ ਦੇ ਗੰਗਾਨਗਰ ਇਲਾਕੇ ਵਿੱਚ ਸਪਲਾਈ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਧੋਖਾ ਦੇਣ ਲਈ ਉਕਤ ਟਰੱਕ ਨੂੰ ਕਾਲੇ ਰੰਗ ਦੀ ਤਰਪਾਲ ਨਾਲ ਢੱਕਿਆ ਹੋਇਆ ਸੀ ਅਤੇ ਟਰੱਕ ਦੇ ਅੱਗੇ ‘ਆਰਮੀ ਆਨ ਡਿਊਟੀ’ ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਹੈ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਹੋਰ ਨਸ਼ਾ ਤਸਕਰਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ।
ਕੈਪਸ਼ਨ: ਪੁਲੀਸ ਵੱਲੋਂ ਫੜਿਆ ਗਿਆ ਭੁੱਕੀ ਵਾਲਾ ਟਰੱਕ ਤੇ ਮੁਲਜ਼ਮ।