ਪ੍ਰਭੂ ਦਿਆਲ
ਸਿਰਸਾ, 14 ਜੁਲਾਈ
ਘੱਗਰ ’ਚ ਵਧ ਰਹੇ ਪਾਣੀ ਕਾਰਨ ਪਿੰਡ ਰੰਗਾ ਨੇੜੇ ਪਏ ਪਾੜ ਨੂੰ ਲੋਕਾਂ ਨੇ ਸਮਾਂ ਰਹਿੰਦੇ ਭਰ ਕੇ ਵੱਡਾ ਨੁਕਸਾਨ ਹੋਣੋਂ ਬਚਾਅ ਲਿਆ। ਘੱਗਰ ’ਚ ਪਏ ਪਾੜ ਨੂੰ ਭਰਦੇ ਸਮੇਂ ਸੈਂਕੜੇ ਕਿੱਲਿਆਂ ’ਚ ਖੜ੍ਹੀ ਫ਼ਸਲ ’ਚ ਪਾਣੀ ਭਰ ਗਿਆ। ਘੱਗਰ ਦੇ ਹੜ੍ਹ ਦੇ ਖਦਸ਼ੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਘੱਗਰ ਕੰਢੇ ਵਸੇ 49 ਪਿੰਡਾਂ ਦੇ ਸਕੂਲਾਂ ਦੀਆਂ ਛੁੱਟੀਆਂ ਮੰਗਲਵਾਰ ਤੱਕ ਵਧ ਦਿੱਤੀਆਂ ਹਨ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣਾ ਸਟੇਸ਼ਨ ਨਾ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਘੱਗਰ ’ਚ ਲਗਾਤਾਰ ਵਧ ਰਹੇ ਪਾਣੀ ਕਾਰਨ ਪਿੰਡ ਰੰਗਾ ਨੇੜੇ ਬੰਨ੍ਹ ’ਚ ਪਏ ਪਾੜ ਨੂੰ ਲੋਕਾਂ ਨੇ ਵੇਲੇ ਸਿਰ ਭਰ ਕੇ ਵੱਡੇ ਨੁਕਸਾਨ ਤੋਂ ਬਚਾਅ ਕਰ ਲਿਆ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਤੇ ਐਸਪੀ ਉਦੈ ਸਿੰਘ ਮੀਣਾ ਨੇ ਘੱਗਰ ਦੇ ਬੰਨ੍ਹਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਡੀਸੀ ਨੇ ਦੱਸਿਆ ਕਿ ਘੱਗਰ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਪਹੁੰਚ ਗਿਆ ਹੈ। ਡਿਪਟੀ ਕਮਿਸ਼ਨਰ ਨੇ ਤਿੰਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਰ ਪਿੰਡ ਵਿੱਚ ਤਾਇਨਾਤ ਰਹਿਣ ਲਈ ਆਖਿਆ ਹੈ, ਜਿਹੜੇ 24 ਘੰਟੇ ਘੱਗਰ ਦੇ ਪਾਣੀ ’ਤੇ ਨਜ਼ਰ ਰੱਖਣਗੇ। ਉਨ੍ਹਾਂ ਨੇ ਦੱਸਿਆ ਹੈ ਕਿ ਘੱਗਰ ਦਾ ਪਾਣੀ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਆਖਿਆ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ’ਚ ਨਾ ਆਉਣ। ਹੜ੍ਹ ਵਰਗੇ ਹਾਲਾਤਾਂ ਨਾਲ ਨਜਿਠਣ ਲਈ ਪ੍ਰਸ਼ਾਸਨ ਪੂਰਾ ਵਾਹ ਲਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।