ਪ੍ਰਭੂ ਦਿਆਲ
ਸਿਰਸਾ, 28 ਦਸੰਬਰ
ਸੇਵਾਮੁਕਤ ਕਰਮਚਾਰੀ ਸੰਘ ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਤੋਂ ਸੇਵਾਮੁਕਤ ਕਰਮਚਾਰੀਆਂ ਨੇ ਨਵੀਂ ਪੈਨਸ਼ਨ ਸਕੀਮ ਰੱਦ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ। ਧਰਨਾਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੀ ਪ੍ਰਧਾਨਗੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸ਼ਰਮਾ ਨੇ ਕੀਤੀ। ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦੇ ਰਹੇ ਵੱਖ-ਵੱਖ ਵਿਭਾਗਾਂ ਤੋਂ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਵਿੱਚ ਅਨੇਕਾਂ ਖਾਮੀਆਂ ਹਨ, ਇਸ ਲਈ ਇਸ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਹੀ ਲਾਗੂ ਕੀਤੀ ਜਾਏ। ਪੰਜਾਬ ਦੀ ਤਰਜ ’ਤੇ ਸੇਵਾਮੁਕਤ ਕਰਮਚਾਰੀ ਨੂੰ 65 ਸਾਲ ਉਮਰ ’ਤੇ ਪੰਜ ਫੀਸਦੀ ਤੇ 70 ਸਾਲ ਦੀ ਉਮਰ ’ਤੇ ਦਸ ਫੀਸਦੀ, 75 ਸਾਲ ਦੀ ਉਮਰ ਵਿੱਚ 15 ਫੀਸਦੀ ਤੇ 80 ਸਾਲ ਦੀ ਉਮਰ ਵਿੱਚ 25 ਫੀਸਦੀ ਪੈਨਸ਼ਨ ’ਚ ਵਾਧਾ ਕੀਤਾ ਜਾਏ। ਸੇਵਾਮੁਕਤ ਕਰਮਚਾਰੀਆਂ ਨੂੰ ਕੈਸ਼ਲੈੱਸ ਮੈਡੀਕਲ ਸੁਵਿਧਾ ਸਾਰੇ ਹਸਪਤਾਲਾਂ ਵਿੱਚ ਮੁਹੱਈਆ ਕਰਵਾਈ ਜਾਏ। ਇਸ ਮੌਕੇ ’ਤੇ ਰਵੀ ਕੁਮਾਰ, ਕਿਸ਼ੋਰੀ ਲਾਲ ਮਹਿਤਾ, ਹਰੀ ਚੰਦ ਮਹਿਤਾ, ਰਮੇਸ਼ ਸੈਣੀ, ਓਮ ਪ੍ਰਕਾਸ਼ ਤੋਂ ਇਲਾਵਾ ਰਾਜ ਕੁਮਾਰ ਸ਼ੇਖੁਪੁਰੀਆ ਨੇ ਸੰਬੋਧਨ ਕੀਤਾ।