ਪ੍ਰਭੂ ਦਿਆਲ
ਸਿਰਸਾ, 9 ਜਨਵਰੀ
ਮੌਜੂਦਾ ਭਾਜਪਾ ਸਰਕਾਰ ਅੰਗਰੇਜ਼ਾਂ ਦੇ ਕੰਪਨੀਰਾਜ ਨੂੰ ਭਾਰਤ ਵਿੱਚ ਲਿਆਉਣਾ ਚਾਹੁੰਦੀ ਹੈ। ਇਹ ਗੱਲ ਜਮਹੂਰੀ ਅਧਿਕਾਰ ਸਭਾ ਦੇ ਆਗੂ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਅੱਜ ਬਰਨਾਰਲਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਰਵਾਈ ਗਈ ਕਨਵੈਨਸ਼ਨ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੇਸ਼ ’ਚ ਪੈਦਾ ਹੋਏ ਹਾਲਾਤ ਅੰਗਰੇਜ਼ਾਂ ਦੇ ਰਾਜ ਦੀ ਯਾਦ ਨੂੰ ਤਾਜ਼ਾ ਕਰਨ ਵਾਲੇ ਹਨ, ਕਿਉਂਕਿ ਉਸ ਸਮੇਂ ਅੰਗਰੇਜ਼ ਮਨਮਰਜ਼ੀ ਦੇ ਕਾਨੂੰਨ ਚਾਲਾਉਂਦੇ ਸਨ ਤੇ ਹੁਣ ਮੌਜੂਦਾ ਸਰਕਾਰ ਵੀ ਅਜਿਹਾ ਕਰ ਰਹੀ ਹੈ। ਇਸ ਤੋਂ ਪਹਿਲਾਂ ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਪੂੰਜੀਪਤੀਆਂ ਤੇ ਕਾਰੋਪਰੇਟ ਘਰਾਣਿਆਂ ਦੇ ਦਬਾਅ ਹੇਠ ਚਲ ਰਹੀ ਮੌਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਾ ਚਾਹੁੰਦੀ। ਇਸ ਦੌਰਾਨ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ, ਅਜੈਬ ਜਲਾਲਆਣਾ, ਡਾ. ਸੁਖਦੇਵ ਹੁੰਦਲ, ਪ੍ਰੋ. ਹਰਭਗਵਾਨ ਚਾਵਲਾ, ਨਰਭਿੰਦਰ ਬਾਬਾ ਗੁਰੀਮਤ ਸਿੰਘ, ਹੈਪੀ ਰਾਣੀਆਂ, ਮਹਿਕ ਭਾਰਤੀ, ਮਾਸਟਰ ਕੁਲਦੀਪ ਸਿੰਘ ਸਿਰਸਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਕਿਸਾਨਾਂ ਤੋਂ ਇਲਾਵਾ ਨੌਜਵਾਨ, ਵਿਦਿਆਰਥੀ, ਲੇਖਕ, ਬੁੱਧੀਜੀਵੀ ਮੌਜੂਦ ਸਨ।