ਪ੍ਰਭੂ ਦਿਆਲ
ਸਿਰਸਾ, 9 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਵੱਲੋਂ ਕਣਕ ਦੇ ਰੇਟ ’ਤੇ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਤੇ ਟੌਲ ਪਲਾਜ਼ੇ ਦੇ ਪੰਦਰਾਂ ਕਿਲੋਮੀਟਰ ਦੇ ਦਾਇਰੇ ’ਚ ਆਉਣ ਵਾਲੇ ਪਿੰਡਾਂ ਨੂੰ ਟੌਲ ਮੁਕਤ ਕੀਤੇ ਜਾਣ ਦੀ ਮੰਗ ਲਈ ਅੱਜ ਸਵੇਰੇ ਦਸ ਵਜੇ ਤੋਂ ਬਾਅਦ ਦੁਪਹਿਰ ਇਕ ਵਜੇ ਤੱਕ ਪਲਾਜ਼ੇ ਟੌਲ ਫ੍ਰਰੀ ਕਰ ਦਿੱਤੇ। ਸੁਰੱਖਿਆ ਦੇ ਮੱਦੇਨਜ਼ਰ ਭਾਵੇਂ ਭਾਰੀ ਪੁਲੀਸ ਤਇਨਾਤ ਸੀ ਪਰ ਕੁਝ ਕਿਸਾਨਾਂ ਅੱਗੇ ਪੁਲੀਸ ਬੇਵੱਸ ਨਜ਼ਰ ਆ ਰਹੀ ਸੀ। ਭਾਵਦੀਨ ਟੌਲ ਪਲਾਜ਼ੇ ’ਤੇ ਦਸ ਵਜੇ ਦੇ ਕਰੀਬ ਪਿੰਡਾਂ ਤੋਂ ਕਿਸਾਨ ਆਉਣੇ ਸ਼ੁਰੂ ਹੋਏ ਤੇ ਕਿਸਾਨਾਂ ਨੇ ਆ ਕੇ ਟੌਲ ਪਲਾਜ਼ਾ ਮੁਲਾਜ਼ਮਾਂ ਨੂੰ ਪਲਾਜ਼ਾ ਪਰਚੀ ਮੁਕਤ ਕੀਤੇ ਜਾਣ ਦੀ ਸੂਚਨਾ ਦਿੱਤੀ। ਮੁਲਾਜ਼ਮਾਂ ਵੱਲੋਂ ਪਰਚੀ ਮੁਕਤ ਕੀਤੇ ਜਾਣ ਦਾ ਹੁੰਗਾਰਾ ਨਾ ਭਰਨ ’ਤੇ ਕਿਸਾਨਾਂ ਨੇ ਵਾਹਨਾਂ ਨੂੰ ਬਾਹਰ ਵਾਲੀਆਂ ਲਾਈਨਾਂ ਤੋਂ ਲੰਘਾਉਣਾ ਸ਼ੁਰੂ ਕਰ ਦਿੱਤਾ ਤੇ ਟੌਲ ਪਲਾਜ਼ੇ ਦੇ ਸੈਂਸਰਾਂ ’ਤੇ ਪੌਲੀਥੀਨ ਬੰਨ੍ਹ ਦਿੱਤੇ। ਟੌਲ ਪਾਲਜ਼ਾ ਭਾਵਦੀਨ ਦੇ ਇੰਚਾਰਜ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਰੀਬ ਦੋ ਤੋਂ ਤਿੰਨ ਲੱਖ ਰੁਪਏ ਦਾ ਅੱਜ ਨੁਕਸਾਨ ਹੋਇਆ ਹੈ।
ਡਿਊਟੀ ’ਤੇ ਤਾਇਨਾਤ ਡੀਐੱਸਪੀ ਸਾਧੂ ਰਾਮ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਹੈ ਪਰ ਟੌਲ ਪਰਚੀ ਮੁਕਤ ਨਹੀਂ ਹੋਇਆ ਹੈ। ਕਿਸਾਨਾਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਹੈ। ਜੇ ਕਿਸਾਨ ਕਾਨੂੰਨ ਨੂੰ ਹੱਥ ਵਿੱਚ ਲੈਣਗੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।