ਪ੍ਰਭੂ ਦਿਆਲ
ਸਿਰਸਾ, 17 ਜੁਲਾਈ
ਇਥੋਂ ਦੇ ਚਤਰਗੜ੍ਹਪੱਟੀ ਸਥਿਤ ਜਲਘਰ ਦੀ ਡਿੱਗੀ ’ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਚਤਰਗੜ੍ਹਪੱਟੀ ਵਾਸੀ ਛੇ ਸਾਲਾ ਸੁਧਾਂਸ਼ੂ ਅਤੇ ਨੌਂ ਸਾਲਾ ਮਨੀਸ਼ ਚਚੇਰੇ ਭਰਾ ਸਨ। ਦੋਵਾਂ ਦੇ ਘਰ ਜਲ ਘਰ ਦੀ ਡਿੱਗੀ ਨੇੜੇ ਹਨ। ਸਕੂਲ ਦੀ ਛੁੱਟੀ ਮਗਰੋਂ ਦੋਵੇਂ ਜਲ ਘਰ ਦੀ ਡਿੱਗੀ ਨੇੜੇ ਖੇਡਣ ਲੱਗ ਗਏ, ਜਦੋਂ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈਣ ਲਈ ਗਏ ਤਾਂ ਦੋਵੇਂ ਪਾਣੀ ਦੀ ਡਿੱਗੀ ’ਚ ਹੱਥ-ਪੈਰੇ ਮਾਰ ਦੇ ਵੇਖੇ ਗਏ, ਜਿਸ ਮਗਰੋਂ ਤੁਰੰਤ ਰੌਲਾ ਪਾਉਣ ਲੋਕਾਂ ਵੱਲੋਂ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮਿ੍ਤਕ ਐਲਾਨ ਦਿੱਤਾ। ਸੁਧਾਂਸ਼ੂ ਦੂਜੀ ’ਚ, ਸੀ ਜਦੋਂਕਿ ਮਨੀਸ਼ ਕੇਂਦਰੀ ਵਿਦਿਆਲਾ ’ਚ ਤੀਜੀ ਜਮਾਤ ’ਚ ਪੜ੍ਹਦਾ ਸੀ। ਸੁਧਾਂਸ਼ੂ ਦਾ ਪਿਤਾ ਸਬਜ਼ੀ ਮੰਡੀ ’ਚ ਮਜ਼ਦੂਰੀ ਕਰਦਾ ਹੈ। ਕਿਆਸ ਲਾਇਆ ਜਾ ਰਿਹਾ ਹੈ ਕਿ ਖੇਡਦੇ ਹੋਏ ਬੱਚੇ ਡਿੱਗੀ ’ਚ ਡਿੱਗੇ ਹੋਣਗੇ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੇਹਾਂ ਪੋਸਟਮਾਰਟ ਲਈ ਸਰਕਾਰੀ ਹਸਪਤਾਲ ਪਹੁੰਚਾਈਆਂ। ਚਤਰਗੜ੍ਹਪੱਟੀ ਦੇ ਲੋਕਾਂ ਦਾ ਕਹਿਣਾ ਹੈ ਕਿ ਜਲ ਘਰ ਦੀ ਕੰਧ ਉੱਚੀ ਕਰਵਾਏ ਜਾਣ ਦੀ ਉਹ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਰਕਾਰ ਦੇ ਕੰਨਾਂ ’ਤੇ ਕੋਈ ਜੂੰ ਨਹੀਂ ਸਰਕ ਰਹੀ ਹੈ। ਲੋਕਾਂ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।