ਪ੍ਰਭੂ ਦਿਆਲ
ਸਿਰਸਾ, 31 ਮਈ
ਇਥੋਂ ਦੇ ਪਿੰਡ ਬੇਗੂ ’ਚ ਨਸ਼ਿਆਂ ਦੀ ਗਿ੍ਫ਼ਤ ’ਚ ਆ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਪਿੰਡ ਦੇ ਲੋਕਾਂ ਨੇ ਐੱਸਪੀ ਦਾ ਦਫ਼ਤਰ ਘੇਰਿਆ। ਪ੍ਰਦਰਸ਼ਨਕਾਰੀਆਂ ਵਿੱਚ ਮਹਿਲਾਵਾਂ ਵੀ ਵੱਡੀ ਗਿਣਤੀ ’ਚ ਮੌਜੂਦ ਸਨ। ਮਿੰਨੀ ਸਕੱਤਰੇਤ ਵਿੱਚ ਐੱਸਪੀ ਦਫ਼ਤਰ ਅੱਗੇ ਨਸ਼ਿਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਨੌਜਵਾਨ ਚਿੱਟੇ ਦੀ ਗਿ੍ਫ਼ਤ ਵਿੱਚ ਆ ਰਹੇ ਹਨ ਜਿਸ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਚਿੱਟਾ ਵੇਚਣ ਵਾਲਿਆਂ ਦੀ ਜਾਣਕਾਰੀ ਪੁਲੀਸ ਵੱਲੋਂ ਜਾਰੀ ਕੀਤੇ ਨੰਬਰਾਂ ’ਤੇ ਦਿੱਤੀ ਜਾਂਦੀ ਹੈ ਪਰ ਪੁਲੀਸ ਉਨ੍ਹਾਂ ਨੂੰ ਫੜਦੀ ਨਹੀਂ। ਮਹਿਲਾਵਾਂ ਨੇ ਐੱਸਪੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਅ ਲੈਣ। ਇਸ ਮੌਕੇ ’ਤੇ ਪਿੰਡ ਦੇ ਕਈ ਜਣੇ ਮੌਜੂਦ ਸਨ।