ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਨਵੰਬਰ
ਹਰਿਆਣਾ ਵਿਧਾਨ ਸਭਾ ਵਿਚ ਸ਼ੁੱਕਰਵਾਰ ਸਵੇਰ ਸੱਪ ਹੋਣ ਬਾਰੇ ਸਾਹਮਣੇ ਆਉਣ ਤੋਂ ਬਾਅਦ ਕਰਮਚਾਰੀਆਂ ਦੇ ਘਬਰਾਹਟ ਵਾਲਾ ਮਾਹੌਲ ਪੈਦਾ ਹੋ ਗਿਆ। ਵੀਰਵਾਰ ਸਵੇਰ ਸਮੇਂ ਕਰਮਚਾਰੀਆਂ ਦੇ ਦਫ਼ਤਰ ਡਿਉਟੀ ’ਤੇ ਪੁੱਜਣ ਦੌਰਾਨ ਉਨਾਂ ਦੀ ਨਜ਼ਰ ਸੱਪ ’ਤੇ ਪਈ,ਇਸ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੁਚਿਤ ਕਰਨ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆ ਨੂੰ ਸੂਚਿਤ ਕੀਤਾ ਗਿਆ ਜਿੰਨ੍ਹਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਕਾਬੂ ਕੀਤਾ।
ਜਾਣਕਾਰੀ ਅਨੁਸਾਰ ਇਹ ਸੱਪ ਸਭ ਤੋਂ ਜ਼ਹਿਰੀਲੀ ਪ੍ਰਜਾਤੀ ਰਸੇਲ ਵਾਈਪ ਦਾ ਸੀ, ਜੋ ਕਿ ਦੁਨੀਆ ਦੀ ਖਤਰਨਾਕ ਪ੍ਰਜਾਤੀਆਂ ਵਿੱਚੋਂ ਮੰਨੀ ਜਾਂਦੀ ਹੈ। ਜਾਣਕਾਰੀ ਅਨੁਸਾਰ ਸੱਪ ਨੂੰ ਦੂਰ ਜੰਗਲ ਵਿਚ ਛੱਡ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੱਗਭੱਗ ਚਾਰ ਮਹੀਨੇ ਪਹਿਲਾਂ ਵੀ ਸਿਵਲ ਸਕੱਤਰੇਤ ਵਿਚੋਂ ਵੀ ਸੱਪ ਨਿੱਕਲਿਆ ਸੀ।
ਦੱਸਣਯੋਗ ਹੈ ਕਿ ਸਰਦ ਰੁੱਤ ਸੈਸ਼ਨ 13 ਨਵੰਬਰ ਤੋਂ ਸ਼ੁਰੂ ਹੋਵੇਗਾ, ਇਸ ਤੋਂ ਪੰਜ ਦਿਨ ਪਹਿਲਾਂ ਵਿਧਾਨ ਸਭਾ ਵਿਚ ਸੱਪ ਹੋਣਾ ਫਿਕਰਮੰਦੀ ਵਾਲੀ ਗੱਲ ਹੈ। ਵਿਧਾਨ ਸਭਾ ਦਾ ਸਕੱਤਰੇਤ ਦੇ ਆਸ ਪਾਸ ਖੁੱਲ੍ਹਾ ਏਰੀਆ ਹੈ, ਜਿਥੇ ਵੱਡੀ ਗਿਣਤੀ ਵਿਚ ਦਰਖਤ ਅਤੇ ਜੰਗਲਨੁਮਾ ਏਰੀਆ ਹੈ।
ਕਰੀਬ 4 ਮਹੀਨੇ ਪਹਿਲਾਂ ਹਰਿਆਣਾ ਵਿਧਾਨ ਸਭਾ ਸਕੱਤਰੇਤ ਵਿਚ ਸੱਪ ਚੌਥੀ ਮੰਜ਼ਿਲ ’ਤੇ ਪੁੱਜ ਗਿਆ ਸੀ, ਇਸੇ ਮੰਜ਼ਿਲ ’ਤੇ ਮੁੱਖ ਮੰਤਰੀ ਦਫ਼ਤਰ ਵੀ ਮੌਜੂਦ ਹੈ। ਜਾਣਕਾਰੀ ਅਨੁਸਾਰ ਇਹ ਸੱਪ ਫਾਇਲਾਂ ਦੇ ਪਿੱਛੇ ਲੁਕਿਆ ਹੋਇਆ ਸੀ, ਜਿਸ ਨੂੰ ਬਾਅਦ ਵਿਚ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਾਬੂ ਕਰ ਲਿਆ ਗਿਆ ਸੀ।