ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 10 ਨਵੰਬਰ
ਭਾਰਤੀ ਸੰਸਕ੍ਰਿਤੀ ਵਿੱਚ ਵੇਦ ਅਤੇ ਗਊ ਦਾ ਵਿਸ਼ੇਸ਼ ਮਹੱਤਵ ਹੈ। ਸਾਡੇ ਦੇਸ਼ ਵਿੱਚ ਇੱਕ ਪ੍ਰਚੱਲਤ ਕਹਾਵਤ ਹੈ ਕਿ ‘ਵੇਦ ਬਿਨਾਂ ਮਤੀ ਨਹੀਂ, ਗਊ ਬਿਨਾਂ ਗਤੀ ਨਹੀਂ’। ਆਰੀਆ ਸਮਾਜ ਦੇ ਮੋਢੀ ਮਹਾਰਿਸ਼ੀ ਦਯਾਨੰਦ ਸਰਸਵਤੀ ਨੇ ਵੇਦਾਂ ਦਾ ਸਮਾਜ ਵਿੱਚ ਵਿਆਪਕ ਪ੍ਰਚਾਰ ਕਰਦੇ ਹੋਏ ਗਾਂ ਦੇ ਗੁਣਾਂ ਦੀ ਵਿਆਖਿਆ ਕਰਦੇ ਹੋਏ ਇੱਕ ਸਮੁੱਚੀ ਪੁਸਤਕ ‘ਗੋਕਰੁਣਾਨਿਧੀ’ ਵੀ ਲਿਖੀ ਅਤੇ ਲੋਕਾਂ ਨੂੰ ਗਾਂ ਦੇ ਮਹੱਤਵ ਬਾਰੇ ਦੱਸਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜੈਅੰਤੀ ਮੌਕੇ ਅੱਜ ਗੁਰੂਕੁਲ ਕੁਰੂਕਸ਼ੇਤਰ ਵਿੱਚ ਆਰੀਆ ਮਹਾਸੰਮੇਲਨ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪ੍ਰਗਟਾਏ। ਇਸ ਦੌਰਾਨ ਮੁੱਖ ਮੰਤਰੀ ਦਾ ਗੁਰੂਕੁਲ ਦੇ ਸਰਪ੍ਰਸਤ ਅਤੇ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਨੇ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਅਚਾਰੀਆ ਦੇਵਵਰਤ ਨੇ ਇਸ ਗੁਰੂਕੁਲ ਦੀ ਵਾਗਡੋਰ ਖਸਤਾ ਹਾਲਤ ਵਿੱਚ ਸੰਭਾਲੀ ਅਤੇ ਅੱਜ ਇਸ ਨੂੰ ਸਫਲਤਾ ਦੀ ਸਿਖਰ ’ਤੇ ਪਹੁੰਚਾਇਆ। ਇਸੇ ਸਦਕਾ ਇਸ ਸਮੇਂ ਗੁਰੂਕੁਲ ਕੁਰੂਕਸ਼ੇਤਰ ਦੇਸ਼ ਦੀ ਇਕਲੌਤੀ ਸੰਸਥਾ ਹੈ, ਜਿੱਥੋਂ ਹਰ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਐੱਨਡੀਏ, ਨੀਟਾ, ਆਈਆਈਟੀ, ਐੱਨਆਈਟੀ ਲਈ ਚੁਣੇ ਜਾਂਦੇ ਹਨ। ਇਸ ਮੌਕੇ ਰਾਜਪਾਲ ਅਚਾਰੀਆ ਦੇਵਵਰਤ ਨੇ ਮਹਾਰਿਸ਼ੀ ਦਯਾਨੰਦ ਸਰਸਵਤੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮੌਕੇ ਕੁਦਰਤੀ ਖੇਤੀ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਤੋਂ ਆਰੀਆ ਸਮਾਜ ਦੀਆਂ ਜਾਇਦਾਦਾਂ ਅਤੇ ਸੰਸਥਾਵਾਂ ’ਤੇ ਨਾਜਾਇਜ਼ ਕਬਜ਼ਿਆਂ ਸਬੰਧੀ ਨਵਾਂ ਕਾਨੂੰਨ ਬਣਾਉਣ ਦੀ ਮੰਗ ਕੀਤੀ, ਜਿਸ ਨੂੰ ਮੁੱਖ ਮੰਤਰੀ ਸੈਣੀ ਨੇ ਪ੍ਰਵਾਨ ਕਰ ਲਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਅਜਮੇਰ ਕਨ੍ਹਈਆ ਲਾਲ ਆਰੀਆ, ਆਰੀਆ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਦੇਸ਼ਬੰਧੂ ਆਰੀਆ ਹਾਜ਼ਰ ਸਨ।