ਕੁਲਵਿੰਦਰ ਕੌਰ
ਫਰੀਦਾਬਾਦ, 15 ਸਤੰਬਰ
ਬੀਤੇ ਦਿਨਾਂ ਦੌਰਾਨ ਇੱਥੇ ਵੱਖ-ਵੱਖ ਖੇਤਰਾਂ ਵਿੱਚ ਪਏ ਮੀਂਹ ਮਗਰੋਂ ਫਰੀਦਾਬਾਦ ਦੀਆਂ ਕਲੋਨੀਆਂ ਦੇ ਨੀਵੇਂ ਇਲਾਕਿਆਂ ਵਿੱਚ ਥਾਂ-ਥਾਂ ਪਾਣੀ ਭਰ ਗਿਆ ਜੋ ਅਜੇ ਤੱਕ ਵੀ ਸੁੱਕਿਆ ਨਹੀਂ। ਇਹ ਪਾਣੀ ਹੁਣ ਦੂਸ਼ਿਤ ਹੋ ਕੇ ਬਦਬੂ ਮਾਰਨ ਲੱਗ ਪਿਆ ਹੈ। ਉਧਰ, ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਹੋ ਚੁੱਕਿਆ ਹੈ ਅਤੇ ਉਮੀਦਵਾਰਾਂ ਵੱਲੋਂ ਸ਼ਹਿਰੀ ਇਲਾਕਿਆਂ ਦੀਆਂ ਕਲੋਨੀਆਂ ਵਿੱਚ, ਘਰ-ਘਰ ਜਾ ਕੇ ਮਹੱਲਿਆਂ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਰੋਧੀ ਆਗੂਆਂ ਵੱਲੋਂ ਖਾਸ ਕਰਕੇ ਗਲੀਆਂ ਅਤੇ ਨੀਵੀਆਂ ਸੜਕਾਂ ਵਿੱਚ ਖੜ੍ਹੇ ਦੂਸ਼ਿਤ ਪਾਣੀ ਦਾ ਜ਼ਿਕਰ ਵੋਟਰਾਂ ਕੋਲ ਜ਼ਰੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਮੁੱਦਾ ਮਿਲ ਗਿਆ ਹੈ ਤੇ ਸਰਕਾਰ ਨੂੰ ਕੋਸ ਰਹੇ ਹਨ। ਸ਼ਹਿਰਾਂ ਵਿੱਚ ਥਾਂ ਦੀ ਘਾਟ ਕਰਕੇ ਚੋਣ ਸਭਾਵਾਂ ਅਕਸਰ ਹੀ ਗਲੀਆਂ ਜਾਂ ਸੜਕਾਂ ਦੇ ਉੱਪਰ ਟੈਂਟ ਲਾ ਕੇ ਕੀਤੀਆਂ ਜਾਂਦੀਆਂ ਹਨ। ਜਿੱਥੇ ਥਾਂ ਚੌੜੀ ਹੋਵੇ ਉਥੇ ਅਜਿਹੇ ਜਲਸੇ ਕੀਤੇ ਜਾਂਦੇ ਹਨ ਪਰ ਕਈ ਅਹਿਮ ਥਾਵਾਂ ਉੱਪਰ ਕਲੋਨੀਆਂ ਅੰਦਰ ਪਾਣੀ ਭਰਿਆ ਹੋਣ ਕਰਕੇ ਚੋਣ ਜਲਸਿਆਂ ਲਈ ਸੁੱਕੀ, ਸਾਫ਼ ਥਾਂ ਨਹੀਂ ਲੱਭ ਰਹੀ। ਜੋ ਖਾਲੀ ਪਾਰਕ ਜਾਂ ਮੈਦਾਨ ਹਨ ਉਥੇ ਵੀ ਅਜੇ ਤੱਕ ਪਾਣੀ ਖੜ੍ਹਾ ਹੋਇਆ ਹੈ। ਬੜਖਲ ਵਿਧਾਨ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਪ੍ਰਤਾਪ ਨੇ ਕਿਹਾ ਕਿ ਸੰਜੇ ਗਾਂਧੀ ਮੈਮੋਰੀਅਲ ਨਗਰ, ਗਾਂਧੀ ਕਲੋਨੀ ਤੇ ਐੱਨਆਈਟੀ ਨੰਬਰ ਇਕ ਦੋ ਅਤੇ ਤਿੰਨ ਵਿੱਚ ਥਾਂ ਥਾਂ ਗੰਦਾ ਪਾਣੀ ਭਰਿਆ ਹੋਇਆ ਹੈ। ਲੋਕ ਇਸ ਪਾਣੀ ਵਿੱਚੋਂ ਨਿਕਲ ਕੇ ਜਾਣ ਲਈ ਮਜਬੂਰ ਹਨ। ਇਸੇ ਤਰ੍ਹਾਂ ਐੱਨਆਈਟੀ ਫਰੀਦਾਬਾਦ ਦੇ ਉਮੀਦਵਾਰ ਨਗਿੰਦਰ ਭਡਾਣਾ ਨੇ ਕਿਹਾ ਕਿ 60 ਫੁੱਟਾ ਰੋਡ ਤੋਂ ਲੈ ਕੇ ਹੋਰ ਗਲੀਆਂ ਅਤੇ ਸੜਕਾਂ ਵਿੱਚ ਥਾਂ-ਥਾਂ ਪਾਣੀ ਭਰਿਆ ਹੋਇਆ ਹੈ। ਉਧਰ, ਸੈਕਟਰਾਂ ਵਾਲੇ ਖੇਤਰ ਵਿੱਚ ਸੜਕਾਂ ਉਪਰ ਖੜ੍ਹੇ ਪਾਣੀ ਤੋਂ ਬਣੇ ਟੋਇਆਂ ਦਾ ਜ਼ਿਕਰ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਵੇਸ਼ ਮਹਿਤਾ ਨੇ ਕਿਹਾ ਭਾਜਪਾ ਸਰਕਾਰ ਨੇ ਨਿਗਮ ਨੂੰ ਨਿਕੰਮਾ ਬਣਾ ਦਿੱਤਾ।