ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਅਗਸਤ
ਕੌਮੀ ਰਾਜਧਾਨੀ ਦਿੱਲੀ ਵਿੱਚ ਹੁਣ ਔਰਤਾਂ ਬੱਸਾਂ ਵੀ ਚਲਾਉਣਗੀਆਂ। ਪਹਿਲਾਂ ਔਰਤਾਂ ਵੱਲੋਂ ਆਟੋ ਚਲਾਏ ਜਾ ਰਹੇ ਸਨ ਤੇ ਹੁਣ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੇ ਬੱਸਾਂ ਦਾ ਸਟੇਅਰਿੰਗ ਵੀ ਔਰਤਾਂ ਦੇ ਹੱਥਾਂ ਵਿੱਚ ਸੌਂਪਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦੇ ਇਸ ਉਪਰਾਲੇ ਨਾਲ ਔਰਤਾਂ ਨੂੰ ਰੁਜ਼ਗਾਰ ਮਿਲਣ ਦੇ ਮੌਕੇ ਪ੍ਰਦਾਨ ਹੋ ਰਹੇ ਹਨ। ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਦੀ ਯੋਜਨਾ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਵਿੱਚ 200 ਮਹਿਲਾ ਬੱਸ ਡਰਾਈਵਰ ਰੱਖਣ ਦੀ ਹੈ ਤਾਂ ਜੋ ਮਹਿਲਾਵਾਂ ਲਈ ਰੁਜ਼ਗਾਰ ਦੇ ਮੌਕੇ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵਿੱਚ ਮਹਿਲਾਵਾਂ ਨੂੰ ਆਟੋਆਂ ਦੀ ਸਿਖਲਾਈ ਦਿੱਤੀ ਸੀ। ਉਨ੍ਹਾਂ ਨੇ ਅੱਜ ਸਿਖਲਾਈ ਪੂਰੀ ਕਰਨ ਵਾਲੀਆਂ 11 ਮਹਿਲਾ ਬੱਸ ਡਰਾਈਵਰਾਂ ਦੇ ਪਹਿਲੇ ਬੈਚ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਉਨ੍ਹਾਂ ਕਿਹਾ ਕਿ ਅੱਜ ਡੀ.ਟੀ.ਸੀ ਅਤੇ ਇਨ੍ਹਾਂ ਔਰਤਾਂ ਲਈ ਇੱਕ ਮਹੱਤਵਪੂਰਨ ਦਿਨ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਔਰਤਾਂ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣਾ ਅਰਵਿੰਦ ਕੇਜਰੀਵਾਲ ਦਾ ਸੁਪਨਾ ਹੈ। ਅੱਜ 11 ਮਹਿਲਾ ਡਰਾਈਵਰਾਂ ਨੂੰ ਸਿਖਲਾਈ ਪੂਰੀ ਕਰਨ ਤੋਂ ਬਾਅਦ ਰੁਜ਼ਗਾਰ ਪੱਤਰ ਮਿਲ ਚੁੱਕੇ ਹਨ। 10 ਹੋਰ ਔਰਤਾਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ, ਜਦੋਂਕਿ ਬਾਕੀ ਬੈਚ ਵੀ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਡੀਟੀਸੀ ਵਿੱਚ 200 ਮਹਿਲਾ ਡਰਾਈਵਰਾਂ ਨੂੰ ਰੱਖਣ ਦੀ ਯੋਜਨਾ ਬਣਾ ਰਹੀ ਹੈ। ਇਸ ਸਾਲ ਫਰਵਰੀ ਵਿੱਚ ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਡੀਟੀਸੀ ਅਤੇ ਕਲੱਸਟਰ ਬੱਸਾਂ ਲਈ ਮਹਿਲਾ ਡਰਾਈਵਰਾਂ ਦੀ ਭਰਤੀ ਲਈ ਉਚਾਈ ਤੇ ਅਨੁਭਵ ਦੇ ਮਾਪਦੰਡਾਂ ਵਿੱਚ ਘੱਟੋ-ਘੱਟ ਉਚਾਈ 159 ਸੈ.ਮੀ. ਤੋਂ ਘਟਾ ਕੇ 153 ਸੈ. ਦੀ ਢਿੱਲ ਦਿੱਤੀ ਸੀ। ਗਹਿਲੋਤ ਨੇ ਕਿਹਾ ਕਿ ਉਨ੍ਹਾਂ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਗਈਹੈ। ਇਨ੍ਹਾਂ ਮਹਿਲਾ ਡਰਾਈਵਰਾਂ ਨੇ ਤਿੰਨ ਮਹੀਨਿਆਂ ਦੀ ਸਿਖਲਾਈ ਪੂਰੀ ਕੀਤੀ ਹੈ। ਉਨ੍ਹਾਂ ਨੂੰ ਡਿੱਪੂ ਵਿੱਚ ਸਿਖਲਾਈ ਦਿੱਤੀ ਗਈ ਹੈ ਤੇ ਸੜਕ ’ਤੇ ਵੀ ਸਿਖਲਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਡੀਟੀਸੀ ਦੇ ਤਜਰਬੇਕਾਰ ਟ੍ਰੇਨਰਾਂ ਵੱਲੋਂ ਇਨ੍ਹਾਂ ਮਹਿਲਾ ਡਰਾਈਵਰਾਂ ਨੂੰ ਸਿਖਲਾਈ ਦਿੱਤੀ ਹੈ।
ਹਰਿਆਣਾ ’ਚ ਪਹਿਲਾ ਮਹਿਲਾ ਪੱਤਰਕਾਰ ਸੰਘ ਬਣਿਆ
ਫਰੀਦਾਬਾਦ (ਪੱਤਰ ਪ੍ਰੇਰਕ): ਹਰਿਆਣਾ ਦੇ ਪਹਿਲੇ ਮਹਿਲਾ ਪੱਤਰਕਾਰ ਸੰਘ ਦਾ ਗਠਨ ਕੀਤਾ ਗਿਆ ਹੈ। ਸੈਕਟਰ-12 ਵਿੱਚ ਹੋਈ ਜਥੇਬੰਦੀ ਦੀ ਅਹਿਮ ਮੀਟਿੰਗ ਵਿੱਚ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ, ਜਿਸ ਵਿੱਚ ਸਰਬਸੰਮਤੀ ਨਾਲ ਪੂਜਾ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਅਹੁਦੇਦਾਰ ਵੀ ਨਿਯੁਕਤ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਮਹਿਲਾ ਪੱਤਰਕਾਰਾਂ ਨੂੰ ਕੰਮ ਦੌਰਾਨ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਹੋਰ ਵਧੀਆ ਕੰਮ ਕਰਨ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੀ ਆਉਣ ਵਾਲੀ ਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਵਿਤਾ, ਮਾਨਸੀ ਅਰੋੜਾ, ਆਰਤੀ, ਜੋਤੀ ਸ਼ਰਮਾ, ਆਰਤੀ ਸ਼ਰਮਾ, ਪੂਜਾ ਭਾਰਦਵਾਜ, ਊਸ਼ਾ ਸ਼ਰਮਾ, ਓਨਿਕਾ ਮਹੇਸ਼ਵਰੀ, ਗੌਰੀ, ਮੀਨੂੰ ਮਿਸ਼ਰਾ, ਨਿਭਾ, ਕੋਮਲ, ਪੂਜਾ ਰਾਠੌਰ, ਮੋਹਿਨੀ ਚੌਧਰੀ, ਨਮਰਤਾ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ|