ਪੱਤਰ ਪ੍ਰੇਰਕ
ਜੀਂਦ, 13 ਜੂਨ
ਨਰਵਾਣਾ ਵਿੱਚ ਲੋਕਾਂ ਵੱਲੋਂ ਨਾਰਕੋਟਿਕਸ ਵਿਭਾਗ ਫਤਿਆਬਾਦ ਦੀ ਟੀਮ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਨਾਰਕੋਟਿਕਸ ਵਿਭਾਗ ਦੀ ਟੀਮ ਸੂਚਨਾ ਦੇ ਆਧਾਰ ’ਤੇ ਜਦੋਂ ਸਟੇਟ ਕਰਾਈਮ ਬਿਊਰੋ ਦੀ ਟੀਮ ਨਾਲ ਨਰਵਾਣਾ ਵਿੱਚ ਹਿਸਾਰ ਰੋਡ ਸਥਿਤ ਚਮੇਲਾ ਕਲੋਨੀ ਵਿੱਚ ਗੈਰਕਾਨੂੰਨੀ ਦਵਾਈਆਂ ਵੇਚਣ ਸਬੰਧੀ ਛਾਪਾ ਮਾਰਨ ਲਈ ਪਹੁੰਚੀ ਤਾਂ ਜਾਂਚ ਦੌਰਾਨ ਇੱਕ ਮਹਿਲਾ ਦੇ ਕਬਜ਼ੇ ਵਿੱਚੋਂ ਹੈਰੋਇਨ ਬਰਾਮਦ ਹੋਈ। ਇਸ ਮਗਰੋਂ ਪੁਲੀਸ ਜਦੋਂ ਔਰਤ ਨੂੰ ਹਿਰਾਸਤ ਵਿੱਚ ਲੈਣ ਲੱਗੀ ਤਾਂ ਆਲੇ ਦੁਆਲੇ ਦੇ ਲੋਕਾਂ ਨੇ ਪੁਲੀਸ ਟੀਮ ਉੱਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਏਐੱਸਆਈ ਸਣੇ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਪੁਲੀਸ ਦੀ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਸਬੰਧੀ ਡੀਐੱਸਪੀ ਸਾਧੂ ਰਾਮ ਨੇ ਦੱਸਿਆ ਕਿ ਨਾਰਕੋਟਿਕਸ ਵਿਭਾਗ ਦੀ ਟੀਮ ਇੱਥੇ ਦਵਾਈਆਂ ਵੇਚੇ ਜਾਣ ਦੀ ਸੂਚਨਾ ਮਿਲਣ ‘ਤੇ ਸਬ ਇੰਸਪੈਕਟਰ ਭਜਨ ਸਿੰਘ ਦੀ ਅਗਵਾਈ ਹੇਠ ਛਾਪਾ ਮਾਰਨ ਲਈ ਆਈ ਸੀ। ਇਸ ਦੌਰਾਨ ਲੋਕਾਂ ਨੇ ਪੁਲੀਸ ਪਾਰਟੀ ਉੱਤੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਏਐੱਸਆਈ ਅਜੀਤ ਸਿੰਘ ਦੇ ਸਿਰ ਵਿੱਚ ਸੱਟ ਲੱਗੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇੱਕ ਮਹਿਲਾ ਨੂੰ 100 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਇਲਾਵਾ ਅੱਧੀ ਦਰਜਨ ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੀ ਗਈ ਮਹਿਲਾ ਦੇ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਟੀਮ ’ਤੇ ਹਮਲਾ ਕਰਨ ਵਾਲਿਆਂ ਨੂੰ ਫੜਨ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।