ਪੱਤਰ ਪ੍ਰੇਰਕ
ਰਤੀਆ, 22 ਸਤੰਬਰ
ਰਿਟਰਨਿੰਗ ਅਫ਼ਸਰ ਅਤੇ ਐੱਸਡੀਐੱਮ ਜਗਦੀਸ਼ ਚੰਦਰ ਨੇ ਦਫ਼ਤਰ ਵਿੱਚ ਐੱਫਐੱਸਟੀ, ਸੀ-ਵਿਜੀਲ ਟੀਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰਤੀਆ ਵਿਧਾਨ ਸਭਾ ਹਲਕੇ ਦੀਆਂ ਚੋਣਾਂ ਦੇ ਮੱਦੇਨਜ਼ਰ ਜੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸਬੰਧਤ ਟੀਮ ਉਸ ਸ਼ਿਕਾਇਤ ਦਾ ਸਮਾਂਬੱਧ ਨਿਪਟਾਰਾ ਕਰਨਾ ਯਕੀਨੀ ਬਣਾਏ। ਇਸ ਦੇ ਨਾਲ ਹੀ ਜੇ ਬਿਨਾਂ ਮਨਜ਼ੂਰੀ ਦੇ ਕਿਤੇ ਵੀ ਕੋਈ ਚੋਣ ਪ੍ਰਚਾਰ ਗਤੀਵਿਧੀ ਹੋ ਰਹੀ ਹੈ ਤਾਂ ਉਸ ਵਿਰੁੱਧ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੈਂਫਲੈਟ, ਪੋਸਟਰ ਅਤੇ ਹੋਰ ਪ੍ਰਚਾਰ ਸਮੱਗਰੀ ਸਿਰਫ਼ ਨਿਰਧਾਰਤ ਥਾਵਾਂ ’ਤੇ ਹੀ ਚਿਪਕਾਉਣ ਦੀ ਇਜਾਜ਼ਤ ਹੋਵੇਗੀ। ਜੇ ਬਿਨਾਂ ਮਨਜ਼ੂਰੀ ਦੇ ਕਿਤੇ ਵੀ ਕੋਈ ਪ੍ਰਚਾਰ ਸਮੱਗਰੀ ਜਾਂ ਹੋਰ ਕੰਮ ਦੇਖਿਆ ਜਾਂਦਾ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਰਿਟਰਨਿੰਗ ਅਫਸਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਾਰੇ ਨਾਗਰਿਕਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਜ਼ਾਬਤੇ ਦੀ ਪਾਲਣਾ ਕਰਨੀ ਜ਼ਰੂਰੀ ਹੈ। ਉਮੀਦਵਾਰ ਜਾਂ ਕੋਈ ਹੋਰ ਵਿਅਕਤੀ ਚੋਣ ਪ੍ਰਚਾਰ ਦੌਰਾਨ ਇੱਕ ਦੂਜੇ ’ਤੇ ਜਾਤ, ਧਰਮ, ਸੰਪਰਦਾ ਜਾਂ ਨਿੱਜੀ ਟਿੱਪਣੀਆਂ ਨਾ ਕਰਨ। ਜੇ ਕੋਈ ਅਜਿਹਾ ਕਰਦਾ ਹੈ ਤਾਂ ਇਸ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਸਬੰਧਤ ਵਿਅਕਤੀ ਵਿਰੁੱਧ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਤਹਿਸੀਲਦਾਰ ਵਿਜੈ ਕੁਮਾਰ, ਬੀਡੀਪੀਓ ਵਿਕਾਸ ਲੰਗਿਆਣ, ਅਵਨੀਸ਼ ਗਰਗ ਅਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਅਧਿਕਾਰੀ ਹਾਜ਼ਰ ਸਨ।