ਪੱਤਰ ਪ੍ਰੇਰਕ
ਟੋਹਾਣਾ, 23 ਸਤੰਬਰ
ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ 9 ਕਾਲਜਾਂ ਵਿੱਚ ਦਾਖਲਾਂ ਤਾਰੀਖ਼ 24 ਸਤੰਬਰ ਤਕ ਵਧਾ ਦਿੱਤੀ ਗਈ ਹੈ। ਕਾਲਜ ਦੇ ਨਵੇਂਂ ਸਿੱਖਿਆ ਸੈਸ਼ਨ ਵਿੱਚ ਸਾਇੰਸ ਵਿਸ਼ੇ ਦੀਆਂ 860 ਸੀਟਾਂ ’ਤੇ ਕੇਵਲ 717 ਅਰਜ਼ੀਆਂ ਆਈਆਂ ਹਨ। ਕਾਮਰਸ ਦੀਆਂ 980 ਸੀਟਾਂ ’ਤੇ 1185 ਅਰਜ਼ੀਆਂ ਤੇ ਆਰਟਸ ਦੀਆਂ 3360 ਸੀਟਾਂ ’ਤੇ 6033 ਅਰਜ਼ੀਆਂ ਪੁੱਜੀਆਂ ਹਨ। ਦਾਖਲੇ ਦੀ ਮੈਰਿਟ ਸੂਚੀ 26 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ ਤੇ ਤਿੰਨ ਦਿਨਾਂ ਦੇ ਅੰਦਰ-ਅੰਦਰ ਆਨਲਾਈਨ ਫੀਸ ਜਮ੍ਹਾਂ ਕਰਾਉਣੀ ਜ਼ਰੂਰੀ ਹੋਵੇਗੀ। ਦੁਰਗਾ ਕਾਲਜ ਟੋਹਾਣਾ ਦੀਆਂ ਬੀਕਾਮ 60 ਸੀਟਾਂ ’ਤੇ 45, ਬੀਬੀਏ ਦੀਆਂ 40 ਸੀਟਾਂ ’ਤੇ ਕੇਵਲ 10 ਲੜਕੀਆਂ ਨੇ ਅਰਜ਼ੀ ਦਿੱਤੀ ਹੈ। ਆਰਟ ਵਿਸ਼ਿਆਂ ਤੇ ਗੌਰਮਿੰਟ ਕਾਲਜ ਟੋਹਾਣਾ ਦੀਆਂ 480 ਸੀਟਾਂ ਲਈ 1298 ਅਰਜ਼ੀਆਂ ਤੇ ਐੱਮਐਮ ਕਾਲਜ ਵਿੱਚ 800 ਸੀਟਾਂ ਬਦਲੇ 1693 ਅਰਜ਼ੀਆਂ ਆਈਆਂ। ਐੱਮਐੱਮ ਕਾਲਜ ਫਤਿਹਾਬਾਦ ਦੀਅਂ ਬੀਐੱਸਸੀ ਮੈਡੀਕਲ ਦੀਆਂ 160 ਸੀਟਾਂ ਲਈ 151, ਗੌਰਮਿੰਟ ਕਾਲਜ ਭੋੜੀਆਂ ਖੇੜਾ ਦੀਆਂ 80 ਸੀਟਾਂ ਲਈ 60, ਡਿਫੈਂਸ ਕਾਲਜ ਟੋਹਾਣਾ ਦੀਆਂ 80 ਸੀਟਾਂ ਲਈ 51 ਅਰਜ਼ੀਆਂ ਆਈਆਂ। ਨਵੇਂ ਸੈਸ਼ਨ ਵਿੱਚ ਸਾਇੰਸ ਤੇ ਕਾਮਰਸ ਦੀ ਸਿੱਖਿਆ ਵਿੱਚ ਨੌਜਵਾਨ ਘੱਟ ਰੁਚੀ ਲੈ ਰਹੇ ਹਨ। ਨੌਜਵਾਨ ਤਬਕਾ ਪੜ੍ਹਾਈ ਲਈ ਵਿਦੇਸ਼ ਵਿੱਚ ਉਡਾਰੀ ਮਾਰਨਾ ਚਾਹੁੰਦੇ ਹਨ।