ਪੱਤਰ ਪ੍ਰੇਰਕ
ਏਲਨਾਬਾਦ, 31 ਅਕਤੂਬਰ
ਪਿੰਡ ਮਿੱਠੀ ਸੁਰੇਰਾ ਦੀ ਵਿਆਹੁਤਾ ਵਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਸਹੁਰੇ ਪਰਿਵਾਰ ਦੇ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਮ੍ਰਿਤਕ ਲੜਕੀ ਦੇ ਪਿਤਾ ਰੋਹਤਾਸ਼ ਵਾਸੀ ਵਾਰਡ ਨੰਬਰ 7 ਡੱਬਵਾਲੀ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਆਖਿਆ ਕਿ ਉਸ ਨੇ ਆਪਣੀ ਲੜਕੀ ਕੋਮਲ ਦਾ ਵਿਆਹ 30 ਅਪਰੈਲ 2022 ਨੂੰ ਸੁਨੀਲ ਪੁੱਤਰ ਦੇਵੀ ਲਾਲ ਵਾਸੀ ਮਿੱਠੀ ਸੁਰੇਰਾ ਨਾਲ ਕੀਤਾ ਸੀ। ਵਿਆਹ ਸਮੇਂ ਉਨ੍ਹਾਂ ਵਲੋਂ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਗਿਆ ਸੀ ਪਰ ਵਿਆਹ ਤੋਂ ਇੱਕ ਮਹੀਨਾ ਬਾਅਦ ਹੀ ਲੜਕੀ ਦੇ ਸਹੁਰੇ ਪਰਿਵਾਰ ਵਲੋਂ ਲੜਕੀ ਨੂੰ ਹੋਰ ਦਾਜ ਲਿਆਉਣ ਅਤੇ ਕਾਰ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਲੜਕੀ ਨੇ ਅਨੇਕ ਵਾਰ ਫੋਨ ਕਰਕੇ ਉਨ੍ਹਾਂ ਨੂੰ ਸੂਚਿਤ ਵੀ ਕੀਤਾ ਸੀ। ਪੀੜਤ ਨੇ ਦੱਸਿਆ ਕਿ ਇਸੇ ਕਾਰਨ ਬੀਤੀ 20 ਅਕਤੂਬਰ ਨੂੰ ਉਹ ਆਪਣੀ ਲੜਕੀ ਨੂੰ ਉਸ ਦੇ ਸਹੁਰੇ ਘਰ ਤੋਂ ਆਪਣੇ ਨਾਲ ਡੱਬਵਾਲੀ ਲੈ ਗਏ ਸਨ ਪਰ 26 ਅਕਤੂਬਰ ਨੂੰ ਸੁਨੀਲ ਖੁਦ ਜਾ ਕੇ ਲੜਕੀ ਨੂੰ ਲੈ ਆਇਆ ਸੀ। 30 ਅਕਤੂਬਰ ਨੂੰ ਉਨ੍ਹਾਂ ਕੋਲ ਫੋਨ ਆਇਆ ਕਿ ਤੁਹਾਡੀ ਲੜਕੀ ਦੀ ਤਬੀਅਤ ਜ਼ਿਆਦਾ ਖਰਾਬ ਹੈ। ਉਹ ਜਦੋਂ ਪਿੰਡ ਮਿੱਠੀ ਸੁਰੇਰਾ ਪਹੁੰਚੇ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਬਿਆਨ ਦੇ ਆਧਾਰ ’ਤੇ ਲੜਕੀ ਦੇ ਪਤੀ ਸੁਨੀਲ, ਸੱਸ ਲੀਲਾ ਦੇਵੀ, ਨਣਦ ਕਵਿਤਾ, ਸੁਮਨ ਅਤੇ ਜਵਾਈ ਹਰੀਸ਼ ਵਾਸੀ ਪਦਮਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।