ਪੱਤਰ ਪ੍ਰੇਰਕ
ਜੀਂਦ, 23 ਦਸੰਬਰ
ਜੀਂਦ ਜ਼ਿਲ੍ਹੇ ਦੇ ਪਿੰਡ ਘਨੌਰੀ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਫਾਹੇ ’ਤੇ ਲਟਕੀਆਂ ਮਿਲਣ ਦੇ ਮਾਮਲੇ ਵਿਚ ਨਵੇਂ ਖੁਲਾਸੇ ਹੋ ਰਹੇ ਹਨ। ਮ੍ਰਿਤਕਾਂ ਵਿਚ ਓਮ ਪ੍ਰਕਾਸ਼ (48), ਉਸ ਦੀ ਪਤਨੀ ਕਮਲੇਸ਼ (45) ਤੇ ਉਨ੍ਹਾਂ ਦਾ ਪੁੱਤਰ ਸੋਨੂੰ (20) ਸ਼ਾਮਲ ਸਨ। ਉਨ੍ਹਾਂ ਦੀਆਂ ਲਾਸ਼ਾਂ ਘਰ ਵਿੱਚ ਹੀ ਲਟਕੀਆਂ ਮਿਲੀਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੇ ਸਬੰਧ ਵਿੱਚ ਕੁਝ ਹੋਰ ਤੱਥ ਮਿਲੇ ਹਨ ਹਨ, ਜਿਵੇਂ ਕਿ ਮਰਨ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਸੋਨੂੰ ਨੇ ਵੀਡੀਓ ਬਣਾਈ ਸੀ, ਜਿਸ ਵਿੱਚ ਤਿੰਨੋਂ ਜਣਿਆਂ ਨੇ ਖ਼ੁਦਕੁਸ਼ੀ ਲਈ ਪੁਲੀਸ ਨੂੰ ਜ਼ਿੰਮੇਦਾਰ ਠਹਿਰਾਇਆ ਅਤੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਬੰਨ੍ਹੀ ਗਾਂ ਦੀ ਸੇਵਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੀ ਮਦਦ ਕਰਨ ਦੀ ਬਜਾਇ ਉਨ੍ਹਾਂ ਦੇ ਪਰਿਵਾਰ ਨੂੰ ਹੀ ਤੰਗ-ਪ੍ਰੇਸ਼ਾਨ ਕੀਤਾ ਸੀ, ਜਿਸ ਤੋਂ ਦੁੱਖੀ ਹੋ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਜ਼ਿਕਰਯੋਗ ਹੈ ਕਿ 21 ਨਵੰਬਰ ਨੂੰ ਘਨੌਰੀ ਪਿੰਡ ਦਾ ਨੰਨੂ ਘਰ ਤੋਂ ਅਚਾਨਕ ਗਾਇਬ ਹੋ ਗਿਆ ਸੀ, ਜਿਸ ਦੀ ਲਾਸ਼ 30 ਨਵੰਬਰ ਨੂੰ ਹੰਸਡੇਹਰ ਪਿੰਡ ਵਿੱਚ ਤੀਰਥ ਦੇ ਪਿੱਛੇ ਬੋਰੀ ਵਿੱਚ ਬੰਨ੍ਹੀ ਹੋਈ ਮਿਲੀ ਸੀ। ਉਪਰੰਤ ਥਾਣਾ ਗੜ੍ਹੀ ਦੀ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਹੱਤਿਆ ਅਤੇ ਲਾਸ਼ ਖੁਰਦ-ਬੁਰਦ ਕਰਨ ਦਾ ਕੇਸ ਦਰਜ ਕੀਤਾ ਸੀ।
ਦੱਸਿਆ ਗਿਆ ਹੈ ਕਿ ਮ੍ਰਿਤਕ ਨੰਨੂ ਦੇ ਵਾਰਿਸਾਂ ਨੇ ਬਲਰਾਜ ਅਤੇ ਓਮ ਪ੍ਰਕਾਸ਼ ਦੇ ਪਰਿਵਾਰ ਉੱਤੇ ਹੱਤਿਆ ਕਰਨ ਦਾ ਸ਼ੱਕ ਜ਼ਾਹਿਰ ਕੀਤਾ ਸੀ, ਜਿਸ ਕਾਰਨ ਪੁਲੀਸ ਇਸ ਸਾਰੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਸੀ। ਮ੍ਰਿਤਕਾਂ ਦਾ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ।