ਮਹਾਂਵੀਰ ਮਿੱਤਲ
ਜੀਂਦ, 18 ਜੁਲਾਈ
ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਹਰਿਆਣਾ ਸਰਕਾਰ ਦੁਆਰਾ ਬਰਖ਼ਾਸਤ ਕੀਤੇ 1983 ਪੀਟੀਆਈ ਅਧਿਆਪਕਾਂ ਦੇ ਅੰਦੋਲਨ ਨੂੰ ਸੂਬੇ ਦੀ ਖਾਪਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਲਗਭਗ 100 ਖਾਪਾਂ ਦੇ ਪ੍ਰਧਾਨਾਂ ਅਤੇ ਪ੍ਰਤੀਨਿੱਧੀਆਂ ਨੇ ਰੁਜ਼ਗਾਰ ਦੀ ਇਸ ਹੱਕ ਦੀ ਲੜ੍ਹਾਈ ਵਿੱਚ ਸਰਕਾਰ ਨੂੰ ਸਾਕਾਰਾਤਮਕ ਰੁੱਖ ਅਪਣਾਉਣ ਦੀ ਚਿਤਾਵਨੀ ਦਿੱਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ’ਚ ਆਗਾਮੀਂ 25 ਜੁਲਾਈ ਤੋਂ ਬਾਅਦ ਹਰਿਆਣਾ ਵਿੱਚ ਇੱਕ ਵੱਡਾ ਅੰਦੋਲਨ ਛੇੜਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨਹੀਂ ਮੰਨੇਗੀ ਤਾਂ ਉਹ ਹਰਿਆਣਾ ਨੂੰ ਜਾਮ ਕਰਨ ਤੋਂ ਪਿੱਛੇ ਨਹੀਂ ਹੱਟਣਗੇ। ਬਰਖ਼ਾਸਤ ਪੀਟੀਆਈ ਵੱਲੋਂ ਅੱਜ ਇੱਥੇ ਨਵੀਂ ਅਨਾਜ ਮੰਡੀ ਵਿੱਚ ਕੀਤੀ ਸੂਬਾਈ ਪੱਧਰੀ ਜਨਸਭਾ ਵਿੱਚ ਖਾਪਾਂ ਵੱਲੋਂ ਕੀਤੇ ਖੁੱਲ੍ਹੇਆਮ ਉਪਰੋਕਤ ਐਲਾਨ ਮਗਰੋ ਅੰਦੋਲਨ ਲਈ ਸਰਵਜਾਤੀ ਸਰਵਖਾਪ ਦੀ 21 ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਇਸ ਮੌਕੇ ਬੋਲਦੇ ਹੋਏ ਮਹਿਮ ਅਤੇ ਦਾਦਰੀ ਦੇ ਵਿਧਾਇਕ ਬਲਰਾਜ ਕੁੰਡੂ, ਸੋਮਵੀਰ ਸਾਂਗਵਾਨ ਸਹਿਤ ਖਾਪਾਂ ਨਾਲ ਜੁੜੇ ਚੌਧਰੀਆਂ ਨੇ ਬਰਖਾਸਤ ਟੀਚਰਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹੋਏ ਸਰਕਾਰ ਨੂੰ ਖਰੀ-ਖਰੀ ਸੁਣਾਈ ਤੇ ਕਿਹਾ ਉਹ 10 ਸਾਲਾਂ ਦੀ ਨੌਕਰੀ ਕਰਨ ਤੋਂ ਮਗਰੋਂ ਬਰਖਾਸਤ ਕੀਤੇ ਟੀਚਰਾਂ ਦੇ ਦੁੱਖ ਝੱਲਣ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਇਸ ਜਨਸਭਾ ਨੂੰ ਸਰਵਖਾਪ ਦੇ ਕੌਮੀ ਪ੍ਰਧਾਨ ਅਤੇ ਬਿਨੈਨ ਖਾਪ ਦੇ ਪ੍ਰਧਾਨ ਨਫੇ ਸਿੰਘ, ਸਰਵਖਾਪ ਪੰਚਾਇਤ ਦੇ ਕੌਮੀ ਬੁਲਾਰੇ ਸੂਬੇ ਸਿੰਘ ਸਮੈਣ, ਕੌਮੀ ਮਹਿਲਾ ਪ੍ਰਧਾਨ ਸੰਤੋਸ਼ ਦਹੀਆ, ਰਾਮ ਕਰਨ ਸੋਲੰਕੀ, ਸਾਬਕਾ ਆਈਪੀਐਸ ਰਣਬੀਰ ਸ਼ਰਮਾ, ਕੰਡੇਲਾ ਖਾਪ ਦੇ ਪ੍ਰਧਾਨ ਟੇਕ ਰਾਮ ਕੰਡੇਲਾ, ਬਿਨੈਨ ਖਾਪ ਦੇ ਸਾਬਕਾ ਪ੍ਰਧਾਨ ਰੰਗੀ ਰਾਮ, ਮਾਜਰਾ ਖਾਪ ਦੇ ਪ੍ਰਧਾਨ ਸਮੁੰਦਰ ਸਿੰਘ ਫੋਰ, ਅਸ਼ੋਕ ਮਦੀਨਾ, ਸਤਿਵੀਰ ਖੇੜਾ ਅਤੇ ਜਗਮਤੀ ਸਾਂਗਵਾਨ ਆਦਿ ਨੇ ਸੰਬੋਧਿਤ ਕੀਤਾ।