ਨਵੀਂ ਦਿੱਲੀ, 4 ਮਈ
ਸੁਪਰੀਮ ਕੋਰਟ ਨੇ ਅੱਜ ਹਰਿਆਣਾ ਸਿਵਲ ਸੇਵਾ (ਜੁਡੀਸ਼ਲ ਬਰਾਂਚ) ਪ੍ਰੀਖਿਆ-2021 ਦੀ 6 ਮਈ ਨੂੰ ਸ਼ੁਰੂ ਹੋਣ ਵਾਲੀ ਪ੍ਰੀਖਿਆ ’ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਇਹ ਰੋਕ ਇਸ ਕਰਕੇ ਲਾਈ ਹੈ ਕਿਉਂਕਿ ਇਨ੍ਹਾਂ ਤਰੀਕਾਂ ਨੂੰ ਹੀ ਮੱਧ ਪ੍ਰਦੇਸ਼ ਸਿਵਲ ਜੱਜ, ਜੂਨੀਅਰ ਡਿਵੀਜ਼ਨ (ਐਂਟਰੀ ਲੈਵਲ) ਪ੍ਰੀਖਿਆ-2021 ਦੀ ਮੁੱਢਲੀ ਪ੍ਰੀਖਿਆ ਵੀ ਹੋਣੀ ਹੈ। ਜਸਟਿਸ ਵਿਨੀਤ ਸਰਨ ਅਤੇ ਜਸਟਿਸ ਜੇ.ਕੇ. ਮਹੇਸ਼ਵਰੀ ਦੇ ਬੈਂਚ ਨੇ ਅੰਤਰਿਮ ਹੁਕਮ ਪਾਸ ਕੀਤੇ ਅਤੇ ਮਾਮਲੇ ਦੀ ਅਗਲੀ ਸੁਣਵਾਈ ਲਈ ਤਰੀਕ 9 ਮਈ ਤੈਅ ਕੀਤੀ ਹੈ।ਸਰਵਉੱਚ ਅਦਾਲਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬਦਲਵੀਆਂ ਤਰੀਕਾਂ ਦੱਸਣ ਜਾਂ ਤਰੀਕ ਤੈਅ ਕਰਨ ਵਿੱਚ ਉਸ ਦੀ ਮਦਦ ਕਰਨ ਲਈ ਆਖਿਆ ਹੈ। ਸੁਪਰੀਮ ਕੋਰਟ ਨੇ ਇਹ ਹੁਕਮ ਰਾਘਵ ਗੁੰਬਰ ਅਤੇ ਕੁਝ ਹੋਰ ਉਮੀਦਵਾਰਾਂ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੇ ਹਨ। ਪਟੀਸ਼ਨਕਰਤਾਵਾਂ ਨੇ ਆਪਣੀ ਪਟੀਸ਼ਨ ’ਚ ਕਿਹਾ ਸੀ ਕਿ ਹਰਿਆਣਾ ਦੀ ਪ੍ਰੀਖਿਆ ਪਹਿਲਾਂ 22 ਅਪਰੈਲ ਤੋਂ 24 ਅਪਰੈਲ ਦਰਮਿਆਨ ਹੋਣੀ ਸੀ। -ਪੀਟੀਆਈ