ਚੰਡੀਗੜ੍ਹ: ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਅੱਜ ਕਿਹਾ ਕਿ ਪੰਜਾਬ ਵੱਲੋਂ ਐੱਸਵਾਈਐੱਲ ਦੇ ਪਾਣੀ ਦਾ ਹਿੱਸਾ ਦੇਣ ਤੱਕ ਹਰਿਆਣਾ ਨੂੰ ਪੰਜਾਬ ਨਾਲ ਲੱਗਦੇ ਆਪਣੇ ਬਾਰਡਰ ਬੰਦ ਕਰ ਕੇ ਲੋਕਾਂ ਤੇ ਸਾਮਾਨ ਦੀ ਆਵਾਜਾਈ ਬੰਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਖੱਟਰ ਸਰਕਾਰ ਪੰਜਾਬ ਤੋਂ ਇਸ ਮਸਲੇ ਦਾ ਹੱਲ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ ਤਾਂ ਉਹ ਸਰਕਾਰ ਨੂੰ ਸਮਰਥਨ ਦੇਣਗੇ। ਉਨ੍ਹਾਂ ਕਿਹਾ,‘ਆਓ, ਸਰਕਾਰ ਨੂੰ ਅੱਜ ਫ਼ੈਸਲਾ ਲੈਣ ਦੇਈਏ। ਜਦੋਂ ਤੱਕ ਸਾਨੂੰ ਆਪਣੇ ਹਿੱਸੇ ਦਾ ਪਾਣੀ ਨਹੀਂ ਮਿਲ ਜਾਂਦਾ, ਅਸੀਂ ਉਦੋਂ ਤੱਕ ਸਰਕਾਰ ਦਾ ਸਮਰਥਨ ਕਰਾਂਗੇ। ਅਸੀਂ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਬਾਰਡਰਾਂ ਤੋਂ ਕਿਸੇ ਨੂੰ ਦਾਖ਼ਲ ਨਹੀਂ ਹੋਣ ਦੇਵਾਂਗੇ।’ ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਦੌਰਾਨ ਸੂਬੇ ਦੀ ਭਾਜਪਾ ਲੀਡਰਸ਼ਿਪ ਐੱਸਵਾਈਐੱਲ ਮੁੱਦਾ ਚੁੱਕ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਵੰਡਿਆ ਜਾ ਸਕੇ, ਪਰ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਆਗੂ ਐੱਸਵਾਈਐੱਲ ਦੇ ਸਮਰਥਨ ’ਚ ਭੁੱਖ ਹੜਤਾਲ ਕਰ ਕੇ ਪਖੰਡ ਕਰ ਰਹੇ ਹਨ। -ਪੀਟੀਆਈ