ਪ੍ਰਭੂ ਦਿਆਲ
ਸਿਰਸਾ, 22 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਐੱਸਵਾਈਐੱਲ ਨਹਿਰ ਦਾ ਮੁੱਦਾ ਪੰਜਾਬ ਤੇ ਹਰਿਆਣਾ ਦੇ ਲੋਕਾਂ ਵਿੱਚ ਵੰਡੀਆਂ ਪਾਉਣ ਲਈ ਭਖ਼ਾਇਆ ਜਾ ਰਿਹਾ ਹੈ। ਹੁਣ ਇਸ ’ਤੇ ‘ਆਪ’ ਅਤੇ ਭਾਜਪਾ ਸਿਆਸਤ ਕਰ ਰਹੀ ਹੈ, ਜਦਕਿ ਪਹਿਲਾਂ ਹੋਰਾਂ ਨੇ ਸਿਆਸਤ ਕੀਤੀ ਪਰ ਮੁੱਦੇ ਦਾ ਹੱਲ ਕਿਸੇ ਨੇ ਨਹੀਂ ਕੱਢਿਆ।
ਉਹ ਅੱਜ ਇਥੇ ਪਿੰਡ ਸਿਕੰਦਰਪੁਰ ਵਿੱਚ ਸਾਬਕਾ ਸਰਪੰਚ ਤੇ ਕਿਸਾਨ ਆਗੂ ਰਾਮ ਚੰਦ ਢੋਟ ਦੀ ਮਾਤਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਚੜੂਨੀ ਨੇ ਕਿਹਾ ਕਿ ਐੱਸਵਾਈਐੱਲ ਤੇ ਚੰਡੀਗੜ੍ਹ ਦੇ ਮੁੱਦੇ ਨੂੰ ਫਿਰ ਤੋਂ ਭਖ਼ਾ ਕੇ ਭਾਜਪਾ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਇਸ ਜ਼ਰੀਏ ‘ਆਪ’ ਦੇ ਵਧਦੇ ਲੋਕ ਆਧਾਰ ਨੂੰ ਰੋਕਣਾ ਚਾਹੁੰਦੀ ਹੈ ਅਤੇ ਹਰਿਆਣਾ ਤੇ ਪੰਜਾਬ ਦੇ ਲੋਕਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਣੇ ਪੰਜਾਬ ਤੇ ਹਰਿਆਣਾ ਵਿੱਚ ਭਾਜਪਾ ਤੇ ਉਸ ਦੇ ਭਾਈਵਾਲਾਂ ਦੀ ਸਰਕਾਰ ਸੀ ਤਾਂ ਉਦੋਂ ਇਹ ਮੁੱਦੇ ਹੱਲ ਕਿਉਂ ਨਹੀਂ ਕੀਤੇ ਗਏ। ਸ੍ਰੀ ਚੜੂਨੀ ਨੇ ਕਣਕ ਦੇ ਘਟੇ ਝਾੜ ਲਈ ਸਰਕਾਰ ਤੋਂ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦੀ ਮੰਗ ਕੀਤੀ। ਪੰਜਾਬ ਚੋਣਾਂ ਵਿੱਚ ਕਿਸਾਨ ਜਥੇਬੰਦੀਆਂ ਦੀ ਹੋਈ ਹਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੀ ਆਪਸੀ ਫੁੱਟ ਹਾਰ ਦਾ ਇਕ ਵੱਡਾ ਕਾਰਨ ਰਹੀ ਹੈ।