ਰਤਨ ਸਿੰਘ ਢਿੱਲੋਂ
ਅੰਬਾਲਾ, 21 ਅਗਸਤ
ਸੀਬੀਆਈ ਨੇ ਲੰਘੀ ਦੇਰ ਰਾਤ ਛਾਪਾ ਮਾਰ ਕੇ ਕਰੋੜਾਂ ਰੁਪਏ ਦੇ ਘੁਟਾਲੇ ਵਿੱਚ ਮਿਲਟਰੀ ਇੰਜਨੀਅਰਿੰਗ ਸਰਵਿਸ (ਐੱਮਈਐੱਸ) ਅੰਬਾਲਾ ਕੈਂਟ ਦੇ ਅਧਿਕਾਰੀ ਬੈਰਕ ਆਫ਼ੀਸਰ ਲੈਫ਼ਟੀਨੈਂਟ ਕਰਨਲ ਰਾਹੁਲ ਪੰਵਾਰ, ਸੂਬੇਦਾਰ ਮੇਜਰ ਪ੍ਰਦੀਪ ਕੁਮਾਰ, ਸਪਲਾਇਰ ਦਿਨੇਸ਼ ਕੁਮਾਰ ਅਤੇ ਠੇਕੇਦਾਰ ਪ੍ਰੀਤਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਲੈਫ਼ਟੀਨੈਂਟ ਕਰਨਲ ਰਾਹੁਲ ਪੰਵਾਰ ਅਤੇ ਸੂਬੇਦਾਰ ਮੇਜਰ ਪ੍ਰਦੀਪ ਕੁਮਾਰ ਉੱਤੇ ਟੈਂਡਰ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਕਰਨ ਦੇ ਦੋਸ਼ ਲੱਗੇ ਹਨ। ਇਸ ਘੁਟਾਲੇ ਵਿੱਚ ਠੇਕੇਦਾਰ ਪ੍ਰੀਤਪਾਲ ਅਤੇ ਸਪਲਾਇਰ ਦਿਨੇਸ਼ ਕੁਮਾਰ ਦੀ ਕਥਿਤ ਤੌਰ ’ਤੇ ਮਿਲੀਭੁਗਤ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਆਈ ਸੀਬੀਆਈ ਦੀ ਟੀਮ ਨੇ ਦੇਰ ਰਾਤ ਅੰਬਾਲਾ ਕੈਂਟ ਕਮਾਂਡਰ ਵਰਕਸ ਇੰਜਨੀਅਰ ਦੇ ਦਫ਼ਤਰ ਸਮੇਤ ਕਈ ਜਗ੍ਹਾ ਰੇਡ ਕੀਤੀ। ਟੀਮ ਨੇ ਲੈਫ਼ਟੀਨੈਂਟ ਕਰਨਲ ਸਮੇਤ ਚਹੁੰਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ ਕੁਝ ਦਸਤਾਵੇਜ਼ ਵੀ ਕਬਜ਼ੇ ਵਿੱਚ ਲਏ ਹਨ। ਫ਼ਿਲਹਾਲ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸੀਬੀਆਈ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਟੈਂਡਰ ਘਪਲੇ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਦੱਸਿਆ ਗਿਆ ਕਿ ਸੈਨਾ ਦੇ ਸਰਕਾਰੀ ਦਫ਼ਤਰਾਂ, ਸੈਨਾ ਕੁਆਰਟਰਾਂ ਅਤੇ ਸੜਕਾਂ ਸਮੇਤ ਹੋਰ ਨਿਰਮਾਣ ਦੇ ਕੰਮ ਕਰਾਉਣ ਲਈ ਐੱਮਈਐੱਸ ਵੱਲੋਂ ਟੈਂਡਰ ਦਿੱਤੇ ਜਾਂਦੇ ਹਨ।