ਪ੍ਰਭੂ ਦਿਆਲ/ਜਗਤਾਰ ਸਮਾਲਸਰ
ਸਿਰਸਾ/ਏਲਨਾਬਾਦ, 10 ਜੁਲਾਈ
ਏਲਨਾਬਾਦ ਅਤੇ ਰਾਣੀਆਂ ਖੇਤਰ ਵਿੱਚ ਜੰਗਲੀ ਸੂਰਾਂ ਤੋਂ ਤੰਗ ਆਏ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਏਕਤਾ (ਬੀਕੇਈ) ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇ ਕੇ ਜੰਗਲੀ ਸੂਰਾਂ ਨੂੰ ਫੜਨ ਦੀ ਮੰਗ ਕੀਤੀ ਹੈ। ਬੀਕੇਈ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਏਲਨਾਬਾਦ ਇਲਾਕੇ ਵਿੱਚ ਜੰਗਲੀ ਸੂਰਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਇਹ ਸੂਰ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਕਰ ਰਹੇ ਹਨ ਅਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਅਤੇ ਮਜ਼ਦੂਰਾਂ ਤੇ ਵੀ ਜਾਨਲੇਵਾ ਹਮਲੇ ਕਰ ਰਹੇ ਹਨ। ਕਿਸਾਨ ਆਗੂ ਪ੍ਰਕਾਸ਼ ਮਮੇਰਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਏਲਨਾਬਾਦ ਖੇਤਰ ਦੇ ਪਿੰਡ ਭੁਰਟਵਾਲਾ ਦੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਤਾਰੂਦੀਨ ਪੁੱਤਰ ਹਰੀਮ ਖਾਨ ਤੇ ਜੰਗਲੀ ਸੂਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਨ੍ਹਾਂ ਸੂਰਾਂ ਕਾਰਨ ਪੂਰੇ ਇਲਾਕੇ ਦੇ ਕਿਸਾਨਾਂ ਵਿੱਚ ਡਰ ਦਾ ਮਾਹੌਲ ਹੈ। ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰਨ ਤੋਂ ਡਰਦੇ ਹਨ। ਔਲਖ ਨੇ ਦੱਸਿਆ ਕਿ ਦਸੰਬਰ 2023 ਵਿੱਚ ਵੀ ਡਿਪਟੀ ਕਮਿਸ਼ਨਰ ਸਿਰਸਾ ਨੂੰ ਇਨ੍ਹਾਂ ਸੂਰਾਂ ਤੋਂ ਛੁਟਕਾਰਾ ਦਿਵਾਉਣ ਲਈ ਮੰਗ ਪੱਤਰ ਦਿੱਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਆਮ ਲੋਕਾਂ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਇਨ੍ਹਾਂ ਜੰਗਲੀ ਸੂਰਾਂ ਤੋਂ ਛੁਟਕਾਰਾ ਦਿਵਾਇਆ ਜਾਵੇ ਤਾਂ ਜੋ ਉਹ ਆਪਣੇ ਖੇਤਾਂ ਵਿੱਚ ਨਿਡਰ ਹੋ ਕੇ ਕੰਮ ਕਰ ਸਕਣ। ਇਸ ਮੌਕੇ ਬੀਕੇਈ ਦੇ ਸੂਬਾਈ ਜਨਰਲ ਸਕੱਤਰ ਅੰਗਰੇਜ਼ ਸਿੰਘ ਕੋਟਲੀ, ਜਗਦੀਸ਼ ਸਵਾਮੀ, ਅਮੀਰ ਚੰਦ, ਅਮਰ ਸਿੰਘ, ਸਤੀਸ਼ ਸੇਤੀਆ, ਬਿਰਜੂ ਖਾਨ, ਨਾਦਰ ਖਾਨ, ਇੰਦਰਪਾਲ ਜੋਸ਼ੀ, ਬਿਰਜ ਲਾਲ ਤੇ ਹੋਰ ਕਿਸਾਨ ਮੌਜੂਦ ਸਨ।