ਰਤਨ ਸਿੰਘ ਢਿੱਲੋਂ
ਅੰਬਾਲਾ, 4 ਦਸੰਬਰ
ਅੱਜ ਅੰਬਾਲਾ ਦੇ ਅਦਾਲਤ ਕੰਪਲੈਕਸ ਵਿੱਚ ਉਸ ਸਮੇ ਹੰਗਾਮਾ ਹੋ ਗਿਆ ਜਦੋਂ ਕੇਂਦਰੀ ਜੇਲ੍ਹ ਵਿਚੋਂ ਪੇਸ਼ੀ ਲਈ ਲਿਆਂਦੇ ਗਏ ਬਖ਼ਸ਼ੀਖਾਨੇ (ਹਵਾਲਾਤ) ਵਿੱਚ ਧਾਰਾ 379 ਤਹਿਤ ਬੰਦ ਮੁਲਜ਼ਮ ਹਨੀ ਵਾਸੀ ਅੰਬਾਲਾ ਛਾਉਣੀ ਨੇ ਜ਼ਿੱਦ ਫੜ ਲਈ ਕਿ ਉਸ ਦੀ ਭਾਣਜੀ ਨਾਲ ਮੁਲਾਕਾਤ ਕਰਵਾਈ ਜਾਵੇ। ਇਨਕਾਰ ਕੀਤੇ ਜਾਣ ’ਤੇ ਉਸ ਨੇ ਆਪਣਾ ਸਿਰ ਬਖ਼ਸ਼ੀਖਾਨੇ ਦੇ ਲੋਹੇ ਦੇ ਗੇਟ ਨਾਲ ਜ਼ੋਰ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਗਾਰਦ ਇੰਚਾਰਜ ਜਤਿੰਦਰ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਅੱਜ 14 ਮੁਲਜ਼ਮਾਂ ਨੂੰ ਪੇਸ਼ੀ ਲਈ ਅਦਾਲਤ ਲੈ ਕੇ ਆਏ ਸਨ। ਅਦਾਲਤਾਂ ਵਿਚ ਵਾਰੀ ਵਾਰੀ ਪੇਸ਼ ਕਰਨ ਲਈ ਮੁਲਜ਼ਮਾਂ ਨੂੰ ਬਖ਼ਸ਼ੀਖਾਨੇ ਵਿੱਚ ਰੱਖਿਆ ਗਿਆ ਸੀ। ਮੁਲਜ਼ਮ ਹਨੀ ਨੂੰ ਮਾਣਯੋਗ ਅੰਬਰਦੀਪ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ। ਉਹ ਜ਼ਿੱਦ ਕਰਨ ਲੱਗਾ ਕਿ ਉਸ ਨੂੰ ਭਾਣਜੀ ਨਾਲ ਮਿਲਵਾਇਆ ਜਾਵੇ। ਵਾਰ-ਵਾਰ ਸਮਝਾਉਣ ਦੇ ਬਾਵਜੂਦ ਉਹ ਜ਼ਿੱਦ ਕਰਨ ਲੱਗ ਪਿਆ ਅਤੇ ਤੈਸ਼ ਵਿਚ ਆ ਕੇ ਉਸ ਨੇ ਬਖ਼ਸ਼ੀਖਾਨੇ ਦੇ ਲੋਹੇ ਦੇ ਗੇਟ ਨਾਲ ਆਪਣਾ ਸਿਰ ਜ਼ੋਰ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਸਿਪਾਹੀ ਕੁਲਵਿੰਦਰ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਾਲ੍ਹਾਂ ਕੱਢਣ ਲੱਗ ਪਿਆ ਅਤੇ ਉਸ ਨੂੰ ਫੜ ਕੇ ਅੰਦਰ ਖਿੱਚਣ ਲੱਗਾ। ਉਸ ਨੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲੀਸ ਨੇ ਧਾਰਾ 186/332/309 ਅਤੇ 506 ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।