ਪੱਤਰ ਪ੍ਰੇਰਕ
ਯਮੁਨਾਨਗਰ, 14 ਜੁਲਾਈ
ਯਮੁਨਾ ਨਦੀ ਦੇ ਕੰਢੇ ’ਤੇ ਸਥਿਤ ਕਮਾਲਪੁਰ ਟਾਪੂ ਵਿੱਚ ਪਏ ਪਾੜ ਕਾਰਨ ਪਾਣੀ ਦਾ ਆਉਣਾ ਜਾਰੀ ਹੈ। ਯਮੁਨਾ ਨਦੀ ਦਾ ਪਾਣੀ ਲਗਾਤਾਰ ਪਿੰਡ ਵੱਲ ਵਧ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਹਥਨੀਕੁੰਡ ਬੈਰਾਜ ਦੇ ਗੇਟ ਫਿਲਹਾਲ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਯਮੁਨਾ ਦਾ ਪਾਣੀ ਥੋੜ੍ਹਾ ਘੱਟ ਹੋਇਆ ਹੈ।
ਸਿੰਜਾਈ ਵਿਭਾਗ ਨੇ ਜ਼ਮੀਨ ਦੀ ਤੇਜ਼ੀ ਨਾਲ ਹੋ ਰਹੀ ਬਰਬਾਦੀ ਨੂੰ ਰੋਕਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਵਿਭਾਗ ਵੱਲੋਂ ਪਾਣੀ ਦੇ ਵਹਾਅ ਨੂੰ ਰੋਕਣ ਲਈ ਰੇਤ ਅਤੇ ਮਿੱਟੀ ਦੀਆਂ ਬੋਰੀਆਂ ਨੂੰ ਭਰ ਕੇ ਲੋਹੇ ਦੇ ਜਾਲ ਨਾਲ ਯਮੁਨਾ ਦੇ ਕਿਨਾਰੇ ਡੰਪ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯਮੁਨਾ ਦੇ ਕਿਨਾਰੇ ਦਰੱਖਤਾਂ ਨੂੰ ਵੀ ਕੱਟ ਕੇ ਡੰਪ ਕੀਤਾ ਜਾ ਰਿਹਾ ਹੈ ਤਾਂ ਜੋ ਮਿੱਟੀ ਦੇ ਖੋਰੇ ਨੂੰ ਰੋਕਿਆ ਜਾ ਸਕੇ।
ਮੇਅਰ ਮਦਨ ਚੌਹਾਨ ਨੇ ਅੱਜ ਕਮਾਲਪੁਰ ਟਾਪੂ ’ਚ ਯਮੁਨਾ ਨਦੀ ਦੇ ਵਹਾਅ ਨੂੰ ਰੋਕਣ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਿੰਜਾਈ ਵਿਭਾਗ ਦੇ ਐਕਸੀਅਨ ਸੰਦੀਪ ਕੁਮਾਰ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਕੇ ਸਥਿਤੀ ਬਾਰੇ ਜਾਣਕਾਰੀ ਲਈ ਹੈ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਰਾਹੁਲ ਹੁੱਡਾ ਨੇ ਟਾਪੂ ਕਮਾਲਪੁਰ ਵਿੱਚ ਸਥਿਤੀ ਦੀ ਨਿਗਰਾਨੀ ਲਈ ਤਿੰਨ ਡਿਊਟੀ ਮੈਜਿਸਟਰੇਟ ਨਿਯੁਕਤ ਕੀਤੇ ਹਨ, ਜੋ ਉੱਥੇ ਦੀ ਸਥਿਤੀ ’ਤੇ ਨਜ਼ਰ ਰੱਖਣਗੇ ਅਤੇ ਸਮੇਂ-ਸਮੇਂ ’ਤੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ।