ਦਵਿੰਦਰ ਸਿੰਘ
ਯਮੁਨਾਨਗਰ, 3 ਨਵੰਬਰ
ਮਹਾਰਿਸ਼ੀ ਵੇਦ ਵਿਆਸ ਦੇ ਜਨਮ ਸਥਾਨ ਬਿਲਾਸਪੁਰ ਨੇੜੇ 4 ਤੋਂ 8 ਨਵੰਬਰ ਤੱਕ ਲੱਗਣ ਵਾਲੇ ਪ੍ਰਸਿੱਧ ਧਾਰਮਿਕ ਅਤੇ ਇਤਿਹਾਸਕ ਸੂਬਾ ਪੱਧਰੀ ਕਪਾਲ ਮੋਚਨ ਮੇਲੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਪਾਲ ਮੋਚਨ ਮੇਲੇ, ਪ੍ਰਦਰਸ਼ਨੀ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਰਸਮੀ ਉਦਘਾਟਨ 4 ਨਵੰਬਰ ਨੂੰ ਅੰਬਾਲਾ ਡਿਵੀਜ਼ਨਲ ਕਮਿਸ਼ਨਰ ਰੇਣੂ ਐੱਸ ਫੁਲੀਆ ਦੁਆਰਾ ਕੀਤਾ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਮੁੱਖ ਮੇਲਾ ਪ੍ਰਸ਼ਾਸਕ ਰਾਹੁਲ ਹੁੱਡਾ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਮੇਲੇ ਸਬੰਧੀ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ ਅਤੇ ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਡਿਊਟੀ ’ਤੇ ਤਾਇਨਾਤ ਸਾਰੇ ਅਧਿਕਾਰੀ ਅਤੇ ਕਰਮਚਾਰੀ 9 ਨਵੰਬਰ ਤੱਕ ਆਪਣੀ ਡਿਊਟੀ ’ਤੇ ਰਹਿਣਗੇ ਅਤੇ ਡਿਊਟੀ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡੀਸੀ ਨੇ ਦੱਸਿਆ ਕਿ ਕਪਾਲ ਮੋਚਨ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਨ ਲਈ ਆਉਂਦੇ ਹਨ। ਪ੍ਰਸ਼ਾਸਨ ਦੀ ਕੋਸ਼ਿਸ਼ ਰਹੇਗੀ ਕਿ ਕਪਾਲ ਮੋਚਨ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਇਸ ਲਈ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਅਧਿਕਾਰੀਆਂ ਨੇ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉਨ੍ਹਾਂ ਸਫ਼ਾਈ ਵਿਵਸਥਾ, ਦਵਾਈਆਂ ਦਾ ਪ੍ਰਬੰਧ, ਆਰਜ਼ੀ ਪਖਾਨਿਆਂ ਦਾ ਪ੍ਰਬੰਧ, ਪੀਣ ਵਾਲੇ ਪਾਣੀ, ਸੜਕਾਂ ਦੀ ਮੁਰੰਮਤ, ਸਰੋਵਰਾਂ ਦੀ ਸਫ਼ਾਈ, ਬਿਜਲੀ, ਖਾਣ-ਪੀਣ ਦੀਆਂ ਵਸਤਾਂ, ਦੁੱਧ ਦੀ ਸਪਲਾਈ, ਗੈਸ ਦੀ ਸਪਲਾਈ, ਬੈਰੀਕੇਡਿੰਗ, ਪੁਲੀਸ ਪ੍ਰਬੰਧ ਅਤੇ ਹੋਰ ਸਬੰਧਤ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਅਤੇ ਮੇਲੇ ਦੌਰਾਨ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਬਿਜਲੀ ਦੀ ਸਪਲਾਈ ਵਿੱਚ ਕੋਈ ਵਿਘਨ ਨਾ ਆਉਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਲਈ ਲੋੜ ਅਨੁਸਾਰ ਜਨਰੇਟਰਾਂ ਨੂੰ ਵੀ ਚਾਲੂ ਰੱਖਿਆ ਜਾਵੇ।