ਰਤਨ ਸਿੰਘ ਢਿੱਲੋਂ
ਅੰਬਾਲਾ, 5 ਫਰਵਰੀ
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਗ ਲੈਣ ਤੋਂ ਖ਼ਫ਼ਾ ਹੋਏ ਅੰਬਾਲਾ ਦੇ ਕਿਸਾਨਾਂ ਨੇ ਅੱਜ ਅੰਬਾਲਾ ਦੇ ਗੁਰਦੁਆਰਾ ਮਰਦੋਂ ਸਾਹਿਬ ਵਿੱਚ ਮੀਟਿੰਗ ਕਰਕੇ ਨਵੀਂ ਜਥੇਬੰਦੀ ਬਣਾਉ ਦਾ ਫ਼ੈਸਲਾ ਲਿਆ। ਕਿਸਾਨਾਂ ਦਾ ਤਰਕ ਸੀ ਕਿ ਚੜੂਨੀ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ। ਇਸ ਲਈ ਉਹ ਵੱਖਰੀ ਕਿਸਾਨ ਯੂਨੀਅਨ ਬਣਾ ਰਹੇ ਹਨ। ਕਿਸਾਨਾਂ ਨੇ ਇਸ ਨਵੀਂ ਜਥੇਬੰਦੀ ਦਾ ਨਾਂ ‘ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ’ ਰੱਖਿਆ ਹੈ।
ਸੁਖਵਿੰਦਰ ਸਿੰਘ ਜਲਬੇੜਾ ਨੇ ਦੱਸਿਆ ਕਿ ਅੱਜ ਹੋਈ ਮੀਟਿੰਗ ਵਿਚ ਅਮਰਜੀਤ ਸਿੰਘ ਮੌਹੜੀ ਨੂੰ ‘ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ’ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਗੁਰਮੀਤ ਸਿੰਘ ਮਾਜਰੀ ਨੂੰ ਜ਼ਿਲ੍ਹਾ ਅੰਬਾਲਾ ਦਾ ਪ੍ਰਧਾਨ, ਲਖਵਿੰਦਰ ਕੌਰ ਡਡਿਆਣਾ ਨੂੰ ਮਹਿਲਾ ਵਿੰਗ ਦੀ ਪ੍ਰਧਾਨ, ਰਿੰਕੂ ਮਟੇੜੀ ਨੂੰ ਮਜ਼ਦੂਰ ਸੰਗਠਨ ਦਾ ਸੂਬਾ ਪ੍ਰਧਾਨ, ਸੁਖਵਿੰਦਰ ਸਿੰਘ ਨੂੰ ਯਮੁਨਾਨਗਰ ਜ਼ਿਲ੍ਹੇ ਦਾ ਇੰਚਾਰਜ, ਸੁਖਵਿੰਦਰ ਕੌਰ ਨੂੰ ਬਲਾਕ-ਇਕ ਦੀ ਪ੍ਰਧਾਨ, ਤੇਜਵੀਰ ਪੰਜੋਖਰਾ ਨੂੰ ਪੰਚਕੂਲਾ ਇੰਚਾਰਜ ਅਤੇ ਜੈ ਸਿੰਘ ਜਲਬੇੜਾ ਨੂੰ ਕੁਰੂਕਸ਼ੇਤਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਚੁਡਿਆਲਾ ਨੂੰ ਸੰਗਠਨ ਸੰਚਾਲਕ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਿਸਾਨਾਂ ਦੀ ਆਵਾਜ਼ ਹਮੇਸ਼ਾ ਉਠਾਉਂਦੀ ਰਹੇਗੀ। ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਅੱਜ ਤੋਂ ਉਹ ਗੁਰਨਾਮ ਸਿੰਘ ਚੜੂਨੀ ਦੇ ਗੁੱਟ ਤੋਂ ਅਲੱਗ ਹੋ ਗਏ ਹਨ ਅਤੇ ਉਨ੍ਹਾਂ ਦੀ ਜਥੇਬੰਦੀ ਕੋਈ ਸਿਆਸੀ ਪਾਰਟੀ ਨਹੀਂ ਹੈ।