ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਮਈ
ਜਨਸੂਈ ਹੈੱਡ ਕੋਲ ਮੌਹੜਾ ਦੇ ਸਾਹਿਲ ਉਰਫ਼ ਮੋਨਾ ਨਾਂ ਦੇ ਲੜਕੇ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਸਮੇਂ ਉਸ ਦੇ ਦੋ ਦੋਸਤ ਮੋਹਿਤ ਅਤੇ ਜਤਿੰਦਰ ਵੀ ਮੌਜੂਦ ਸਨ। ਮੋਹਿਤ ਨੇ ਦੱਸਿਆ ਕਿ ਉਹ ਦੁਪਹਿਰ 3 ਵਜੇ ਦੇ ਕਰੀਬ ਇੱਥੇ ਕਿਸੇ ਕੋਲੋਂ ਪੈਸੇ ਲੈਣ ਆਏ ਸਨ ਤੇ ਨਹਿਰ ਦੇ ਕੰਢੇ ਰੁੱਖ ਥੱਲੇ ਬੈਠ ਕੇ ਉਸ ਵਿਅਕਤੀ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਕੁਝ ਲੜਕੇ ਨਹਿਰ ਵਿੱਚ ਨਹਾ ਰਹੇ ਸਨ ਜਿਨ੍ਹਾਂ ਨੂੰ ਦੇਖ ਕੇ ਸਾਹਿਲ ਦਾ ਵੀ ਨਹਾਉਣ ਨੂੰ ਜੀ ਕਰ ਆਇਆ। ਜਿਉਂ ਹੀ ਉਹ ਨਹਿਰ ਵਿੱਚ ਵੜਿਆ ਤਾਂ ਪੌੜੀਆਂ ਵਿੱਚੋਂ ਉਸ ਦਾ ਪੈਰ ਤਿਲਕ ਗਿਆ ਅਤੇ ਤੈਰਨਾ ਨਾ ਜਾਣਨ ਕਾਰਨ ਪਾਣੀ ਵਿੱਚ ਰੁੜ ਗਿਆ। ਉਨ੍ਹਾਂ ਤੁਰੰਤ 100 ਨੰਬਰ ਤੇ ਫੋਨ ਕੀਤਾ ਤਾਂ ਨੱਗਲ ਥਾਣੇ ਤੋਂ ਪੁਲੀਸ ਮੌਕੇ ’ਤੇ ਪਹੁੰਚੀ ਜਿਸ ਨੇ ਸਾਹਿਲ ਦੀ ਤਲਾਸ਼ ਸ਼ੁਰੂ ਕਰਵਾਈ। ਐੱਸਐੱਚਓ ਧਰਮਵੀਰ ਸੈਣੀ ਨੇ ਦੱਸਿਆ ਕਿ ਗੋਤਾਖੋਰਾਂ ਨੂੰ ਬੁਲਾ ਕੇ ਭਾਲ ਸ਼ੁਰੂ ਕਰਵਾ ਦਿੱਤੀ ਗਈ ਹੈ ਪਰ ਅਜੇ ਕੋਈ ਪਤਾ ਨਹੀਂ ਲੱਗਾ।