ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 20 ਨਵੰਬਰ
ਪਿੰਡ ਨਥਵਾਨ ਕੋਲ ਸੰਘਣੀ ਧੁੰਦ ਕਾਰਨ ਬੱਸ ਅਤੇ ਟਰੈਕਟਰ ਟਰਾਲੀ ਦੇ ਵਿਚਕਾਰ ਹੋਈ ਟੱਕਰ ਵਿਚ ਬੱਸ ਵਿਚ ਸਵਾਰ ਕਰੀਬ 2 ਦਰਜਨ ਤੋਂ ਜ਼ਿਆਦਾ ਯਾਤਰੀ ਜਖ਼ਮੀ ਹੋ ਗਏ। ਹਾਦਸੇ ਕਾਰਨ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਝੋਨੇ ਦੀਆਂ ਬੋਰੀਆਂ ਨਾਲ ਭਰੀ ਟਰੈਕਟਰ ਟਰਾਲੀ ਵੀ ਅੱਗੇ ਦਰੱਖਤ ਨਾਲ ਟਕਰਾ ਗਈ ਅਤੇ ਦਰੱਖਤ ਦੇ ਵੱਡੇ ਹਿੱਸੇ ਨੂੰ ਤੋੜ ਦਿੱਤਾ। ਬੱਸ ਦੀ ਜਿਵੇਂ ਹੀ ਟਰੈਕਟਰ ਟਰਾਲੀ ਨਾਲ ਟੱਕਰ ਹੋਈ ਤਾਂ ਧੁੰਦ ਕਾਰਨ ਪਿੱਛੋਂ ਆ ਰਹੇ ਹੋਰ ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਇਸ ਦੌਰਾਨ ਕਾਰ ਦੇ ਪਿੱਛੇ ਮੋਟਰਸਾਈਕਲ ਆਣ ਵੱਜਿਆ। ਇਸ ਦੌਰਾਨ ਮੋਟਰਸਾਈਕਲ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ ਦੇ ਅੰਦਰ ਵੜ ਗਿਆ ਅਤੇ ਜਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਰਤੀਆ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਪਿੰਡ ਸ਼ੱਕਰਪੁਰਾ ਦੀ ਭਾਗਾਬਾਈ, ਪਿੰਡ ਘਾਸਵਾਂ ਦਾ ਮਨਪ੍ਰੀਤ, ਪਿੰਡ ਕੁਦਨੀ ਹੈੱਡ ਦਾ ਨਵਪ੍ਰੀਤ ਸਿੰਘ, ਪਿੰਡ ਧਰਸੂਲ ਦਾ ਕੁਲਵੰਤ ਸਿੰਘ, ਟੋਹਾਣਾ ਦਾ ਸੂਬੇ ਸਿੰਘ, ਚੈਨੀਵਾਲੀ ਦਾ ਦੀਪਕ, ਦੌਲਤਪੁਰ ਦਾ ਰਜਿੰਦਰ ਸ਼ਾਮਲ ਹਨ। ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਜ਼ਖ਼ਮੀਆਂ ਅਨੁਸਾਰ ਹਾਦਸੇ ਵਿੱਚ ਕਰੀਬ 2 ਦਰਜਨ ਯਾਤਰੀਆਂ ਤੋਂ ਵੀ ਜ਼ਿਆਦਾ ਜ਼ਖ਼ਮੀ ਹੋਏ ਹਨ। ਹਾਦਸੇ ਕਾਰਨ ਰਤੀਆ-ਟੋਹਾਣਾ ਮਾਰਗ ’ਤੇ ਜਾਮ ਲੱਗ ਗਿਆ। ਇਸ ਦੌਰਾਨ ਅਨੇਕਾਂ ਸਕੂਲਾਂ ਦੀਆਂ ਬੱਸਾਂ ਵੀ ਵਿਚਕਾਰ ਹੀ ਫਸ ਗਈਆਂ।
ਸ਼ਹਿਰ ਥਾਣਾ ਦੀ ਪੁਲੀਸ ਦੀ ਟੀਮ ਸਹਾਇਕ ਉਪ ਨਿਰੀਖਕ ਮਹਿੰਦਰ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ। ਇਸ ਦੌਰਾਨ ਪੁਲੀਸ ਨੇ ਜਾਮ ਖੁੱਲ੍ਹਵਾਇਆ। ਟੋਹਾਣਾ ਤੋਂ ਰਤੀਆ ਆ ਰਹੀ ਪ੍ਰਾਈਵੇਟ ਬੱਸ ਦੇ ਚਾਲਕ ਰਿੰਕੂ ਅਤੇ ਕੰਡਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹ ਪਹਿਲਾਂ ਸਮੇਂ ਦੀਆਂ ਸਵਾਰੀਆਂ ਲੈ ਕੇ ਟੋਹਾਣਾ ਤੋਂ ਰਤੀਆ ਲਈ ਰਵਾਨਾ ਹੋਏ ਸੀ। ਉਨ੍ਹਾਂ ਦੱਸਿਆ ਕਿ ਬੱਸ ਵਿਚ 40 ਤੋਂ 50 ਯਾਤਰੀ ਸਵਾਰ ਸੀ। ਉਨ੍ਹਾਂ ਦੱਸਿਆ ਕਿ ਸੜਕ ਤੇ ਧੁੰਦ ਜ਼ਿਆਦਾ ਹੋਣ ਕਾਰਨ ਉਹ ਆਪਣੀ ਮੰਜ਼ਿਲ ’ਤੇ ਹੈਡ ਲਾਈਟਾਂ ਦੇ ਸਹਾਰੇ ਹੀ ਚੱਲ ਰਹੇ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਪਿੰਡ ਨਥਵਾਨ ਤੋਂ ਰਵਾਨਾ ਹੋਏ ਤਾਂ ਕੁੱਝ ਹੀ ਦੂਰੀ ਤੇ ਉਨ੍ਹਾਂ ਅੱਗੇ ਇਕ ਟਰੈਕਟਰ ਟਰਾਲੀ ਜਾ ਰਹੀ ਸੀ ਅਤੇ ਇਹ ਟਰੈਕਟਰ ਟਰਾਲੀ ਧੁੰਦ ਕਾਰਨ ਉਨ੍ਹਾਂ ਨੂੰ ਨਜ਼ਰ ਨਹੀਂ ਆਈ, ਜਿਸ ਦੇ ਚੱਲਦੇ ਦੁਰਘਟਨਾ ਹੋ ਗਈ। ਉਧਰ, ਟਰੈਕਟਰ ਡਰਾਈਵਰ ਪਿੰਡ ਚਿੰਮੋ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਪਿੰਡ ਕੁੰਲਾਂ ਦੇ ਸ਼ੈਲਰ ਤੋਂ ਫਤਿਆਬਾਦ ਲਈ ਝੋਨੇ ਦੀਆਂ ਬੋਰੀਆਂ ਭਰ ਕੇ ਜਾ ਰਿਹਾ ਸੀ ਤਾਂ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀ ਬੱਸ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਟਰੈਕਟਰ ਦਰੱਖਤ ਨਾਲ ਜਾ ਵੱਜਿਆ। ਇਸ ਹਾਦਸੇ ਪਿੱਛੋਂ ਬੱਸ ਦੇ ਪਿੱਛੇ ਅਨੇਕਾਂ ਹੋਰ ਵਾਹਨ ਵੀ ਆਪਸ ਵਿਚ ਟਕਰਾਅ ਗਏ। ਸੜਕ ਤੇ ਲੱਗੇ ਜਾਮ ਨੂੰ ਖੁੱਲ੍ਹਵਾਉਣ ਲਈ ਪੁੁਲੀਸ ਨੂੰ ਕਰੇਨ ਦੀ ਮਦਦ ਲੈਣੀ ਪਈ। ਪੁਲੀਸ ਨੇ ਬੱਸ ਡਰਾਈਵਰ, ਕੰਡਕਟਰ ਅਤੇ ਟਰੈਕਟਰ ਦੇ ਮਾਲਕ ਨੂੰ ਬੁਲਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।