ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 8 ਮਾਰਚ
ਦਿੱਲੀ ਵਿੱਚ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਕਿਸਾਨ ਅੰਦੋਲਨ ਦਾ ਅਸਰ ਵਿਆਹ ਸਮਾਗਮਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਨਰਾਇਣਗੜ੍ਹ ਸ਼ਹਿਰ ਵਿੱਚ ਵੀ ਕੁਝ ਇਸ ਤਰ੍ਹਾਂ ਨਾਲ ਹੀ ਅੰਦੋਲਨ ਦਾ ਸਮਰਥਨ ਵਿਆਹ ਸਮਾਗਮ ਵਿੱਚ ਦੇਖਣ ਨੂੰ ਮਿਲਿਆ ਅਤੇ ਕੈਨੇਡਾ ਤੋਂ ਆਇਆ ਨੌਜਵਾਨ ਲਾੜਾ ਵਿਕਰਮਜੀਤ ਸਿੰਘ ਆਪਣੀ ਬਰਾਤ ਵਿੱਚ ਜਿੱਥੇ ਟਰੈਕਟਰ ’ਤੇ ਸਵਾਰ ਹੋ ਕੇ ਆਪਣੀ ਲਾੜੀ ਨਾਲ ਵਿਆਹ ਕਰਨ ਲਈ ਆਇਆ, ਉੱਥੇ ਹੀ ਇੱਕ ਨਿੱਜੀ ਪੈਲੇਸ ਵਿੱਚ ਪਹੁੰਚ ਕੇ ਇਸ ਲਾੜੇ ਨੇ ਪੰਜਾਬੀ ਅੰਦਾਜ਼ ਵਿੱਚ ਸਜਾਈ ਜੀਪ ਤੇ ਆਪਣੀ ਲਾੜੀ ਨਾਲ ਸਵਾਰ ਹੋ ਕੇ ਆਪਣੇ ਪੰਜਾਬੀ ਹੋਣ ਦਾ ਸ਼ੌਕ ਵੀ ਪੂਰਾ ਕੀਤਾ। ਲਾੜਾ ਨਾਲ ਲੱਗਦੇ ਪਿੰਡ ਜੰਗੂ ਮਾਜਰਾ ਦਾ ਹੈ ਜਿਹੜਾ ਇਸ ਸਮੇਂ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਬਾਹਰ ਤੋਂ ਆਪਣੀ ਲਾੜੀ ਨਾਲ ਵਿਆਹ ਕਰਨ ਲਈ ਆਇਆ ਹੋਇਆ ਹੈ। ਲਾੜੇ ਵਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਦਿੱਲੀ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਹਨ, ਜਿਨ੍ਹਾਂ ਦੀ ਮੰਗ ਜਾਇਜ਼ ਹੈ ਅਤੇ ਮੈਂ ਵੀ ਕਿਸਾਨਾਂ ਦਾ ਸਮਰਥਨ ਕਰਦਾ ਹਾਂ ਅਤੇ ਅੱਜ ਆਪਣੀ ਲਾੜੀ ਨੂੰ ਟਰੈਕਟਰ ਤੇ ਵਿਆਹ ਕੇ ਨਾਲ ਲੈ ਜਾਣ ਲਈ ਆਇਆ ਹਾਂ। ਲਾੜੀ ਅਵਨੀਤ ਕੌਰ ਦਾ ਕਹਿਣਾ ਸੀ ਕਿ ਕਿਸਾਨ ਸਾਡਾ ਅੰਨਦਾਤਾ ਹੈ ਅਤੇ ਸਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਅੱਜ ਸਾਡਾ ਵਿਆਹ ਹੋਇਆ ਹੈ ਅਤੇ ਮੇਰਾ ਪਤੀ ਮੈਨੂੰ ਟਰੈਕਟਰ ਤੇ ਬਰਾਤ ਲੈ ਕੇ ਵਿਆਉਣ ਲਈ ਆਇਆ ਹੈ ਅਤੇ ਸਾਨੂੰ ਕਿਸਾਨਾਂ ਦੀ ਮੰਗ ਦਾ ਪੁਰਜ਼ੋਰ ਸਮਰਥਨ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਵੀ ਕਿਸਾਨਾਂ ਦੀ ਗੱਲ ਮੰਣ ਲੈਣੀ ਚਾਹੀਦੀ ਹੈ।
ਲਾੜੀ ਦੇ ਪਿਤਾ ਸਰਵਜੀਤ ਸਿੰਘ ਤੇ ਮਾਂ ਤਰਵਿੰਦਰ ਕੌਰ ਨੇ ਵੀ ਆਪਣੇ ਜਵਾਈ ਦੀ ਸ਼ਲਾਘਾ ਕੀਤੀ ਅਤੇ ਇਸ ਸਮਰਥਨ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਕਿਸਾਨਾਂ ਦੀ ਮੰਗ ਠੀਕ ਹੈ ਅਤੇ ਸਾਨੂੰ ਉਨ੍ਹਾਂ ਦੇ ਸਮਰਥਨ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਖੇਤੀ ਕਾਨੂੰਨਾਂ ਰੱਦ ਕਰਵਾਉਣ ਦੀ ਲੜਾਈ ਨੂੰ ਜਿੱਤ ਸਕਣ।