ਪੱਤਰ ਪ੍ਰੇਰਕ
ਟੋਹਾਣਾ, 4 ਜੁਲਾਈ
ਪਿੰਡ ਖੈਰਮਪੁਰ ਦੇ ਕਿਸਾਨ ਰਾਮਦੇਵ ਦੇ ਖੇਤ ਵਿੱਚ ਫ਼ਸਲਾਂ ਦੀ ਸਿੰਜਾਈ ਲਈ ਪਾਣੀ ਜਮ੍ਹਾਂ ਕਰਨ ਵਾਸਤੇ ਬਣੇ ਪਾਣੀ ਦੇ ਟੈਂਕ ਵਿੱਚ ਬੀਤੀ ਰਾਤ ਤੇਜ ਰਫ਼ਤਾਰ ਕਾਰ ਡਿੱਗਣ ਤੇ ਕੋਹਲੀ ਪਿੰਡ ਦੇ ਮਦਨ ਦੀ ਡੁੱਬ ਕੇ ਮੌਤ ਹੋ ਗਈ। ਸੈਰ ਨੂੰ ਨਿਕਲੇ ਕਿਸਾਨਾਂ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ ਤਾਂ ਕਾਰ ਕੱਢਣ ’ਤੇ ਪਤਾ ਲੱਗਿਆ ਕਿ ਮਦਨ (24) ਪਿੰਡ ਭਾਣਾ ਨੂੰ ਜਾਂਦੇ ਸਮੇਂ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਕੇ ਪਾਣੀ ਦੇ ਭਰੇ ਟੈਂਕ ਵਿੱਚ ਜਾ ਡਿੱਗੀ। ਕੈਮਰਿਆਂ ਵਿੱਚ ਕੈਦ ਹਾਦਸੇ ਤੋਂ ਪਤਾ ਲੱਗਿਆ ਕਿ ਅੱਧੀ ਰਾਤ ਨੂੰ ਬੇਕਾਬੂ ਕਾਰ ਟੈਂਕ ਵਿੱਚ ਜਾ ਡਿੱਗੀ, ਜਿਸ ਕਰਕੇ ਚਲਾਕ ਦੀ ਵੀ ਮੌਤ ਹੋ ਗਈ। ਖੇਤ ਵਿੱਚ ਬਣਿਆ ਪਾਣੀ ਵਾਲਾ ਟੈਂਕ 10 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। ਹਾਦਸੇ ਦਾ ਮੁੱਖ ਕਾਰਨ ਗੱਡੀ ਦੀ ਤੇਜ਼ ਰਫਤਾਰੀ ਨੂੰ ਦੱਸਿਆ ਜਾ ਰਿਹਾ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।