ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਅਪਰੈਲ
ਇੱਥੇ ਅੱਜ ਸ਼ਾਮ ਅੰਬਾਲਾ ਛਾਉਣੀ ਦੇ ਛੋਟਾ ਖੁੱਡਾ ਵਿੱਚ ਸਥਿਤ ਮਾਇਆਪੁਰੀ ਖੇਤਰ ਵਿੱਚ ਇੱਕ ਗੋਦਾਮ ਨੂੰ ਅੱਗ ਲੱਗ ਗਈ। ਇਸ ਕਾਰਨ ਪੈਦਾ ਹੋਏ ਧੂੰਏਂ ਦਾ ਗੁਬਾਰ ਕੇਵਲ ਛਾਉਣੀ ਤੱਕ ਹੀ ਨਹੀਂ ਬਲਕਿ ਸ਼ਹਿਰ ਤੱਕ ਵੀ ਨਜ਼ਰ ਆ ਰਿਹਾ ਸੀ। ਧੂੰਏਂ ਕਾਰਨ ਗੋਦਾਮ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਗੋਦਾਮ ਵਿੱਚ ਰੱਖਿਆ ਕਬਾੜ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਏਨੀ ਤੇਜ਼ ਸੀ ਕਿ ਗੋਦਾਮ ਦਾ ਗੇਟ ਵੀ ਪਿਘਲ ਗਿਆ। ਇਸ ਦੌਰਾਨ ਕਿਸੇ ਚੀਜ਼ ਦੇ ਫਟਣ ਦੀ ਆਵਾਜ਼ ਵੀ ਲੋਕਾਂ ਨੇ ਸੁਣੀ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਫਾਇਰ ਬ੍ਰਿਗੇਡ ਵਾਲੇ ਮੌਕੇ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਮੌਕੇ ’ਤੇ ਪਹੁੰਚੀ ਇੱਕੋ ਗੱਡੀ ਦਾ ਇੱਕ ਘੰਟੇ ਵਿੱਚ 10 ਹਜ਼ਾਰ ਲਿਟਰ ਪਾਣੀ ਖ਼ਤਮ ਹੋ ਗਿਆ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਾਈਪ ਛੱਡ ਕੇ ਬਾਹਰ ਆ ਗਏ। ਇਸ ਤੋਂ ਬਾਅਦ ਅੱਗ ਫਿਰ ਭੜਕ ਪਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਹ ਅੰਬਾਲਾ ਸ਼ਹਿਰ ਤੋਂ ਦੂਜੀ ਗੱਡੀ ਦਾ ਇੰਤਜ਼ਾਰ ਕਰ ਰਹੇ ਹਨ। ਗੋਦਾਮ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਗੱਤੇ ਦਾ ਗੋਦਾਮ ਸੀ ਅਤੇ ਉਨ੍ਹਾਂ ਦਾ 10 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਨੇ ਉਨ੍ਹਾਂ ਨੂੰ ਗੋਦਾਮ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਕਿਸੇ ਨੇ ਝਾੜੀਆਂ ਨੂੰ ਅੱਗ ਲਾਈ ਜੋ ਅੰਦਰ ਤੱਕ ਪਹੁੰਚ ਗਈ। ਉਨ੍ਹਾਂ ਆ ਕੇ ਗੇਟ ਖੋਲ੍ਹਿਆ ਤਾਂ ਅੱਗ ਹੋਰ ਭੜਕ ਪਈ।