ਪੀਪੀ ਵਰਮਾ
ਪੰਚਕੂਲਾ, 24 ਸਤੰਬਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਪੰਚਕੂਲਾ ਵਿੱਚ ਵੈਕਸੀਨ ਅਤੇ ਆਰਥਿਕ ਸੁਧਾਰਾਂ ਬਾਰੇ ਕੀਤੀ ਗਈ ਗੋਸਟੀ ਵਿੱਚ ਬਤੌਰ ਮੁੱਖ ਮਹਿਮਾਨ ਹਿੱਸਾ ਲਿਆ। ਵਿੱਤ ਮੰਤਰੀ ਨੇ ਸੈਕਟਰ-17 ਪੰਚਕੂਲਾ ਵਿੱਚ ਪੈਂਦੇ ਇੱਕ ਕਮਿਊਨਿਟੀ ਸੈਂਟਰ ਵਿੱਚ ਮੈਗਾ ਵੈਕਸੀਨ ਕੈਂਪ ਵਿੱਚ ਆਏ ਲੋਕਾਂ ਨਾਲ ਮੁਲਾਕਾਤ ਕੀਤੀ। ਪੀਡਬਲਿਊਡੀ ਗੈਸਟ ਹਾਊਸ ਵਿੱਚ ਸੈਮੀਨਾਰ ਵਿੱਚ ਕਿਹਾ ਕਿ ਹਰਿਆਣਾ ਆਪਣੀ ਅਰਥਵਿਵਸਥਾ ਨੂੰ ਚੰਗੀ ਤਰ੍ਹਾਂ ਸੰਭਾਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੱਤ ਸਾਲਾਂ ਤੋਂ ਕੇਂਦਰ ਸਰਕਾਰ ਸਮਾਜ ਦੇ ਸਭ ਤੋਂ ਲਤਾੜੇ ਵਰਗਾਂ ਲਈ ਯੋਜਨਾਵਾਂ ਚਲਾ ਰਹੀ ਹੈ। ਇਸ ਮੌਕੇ ’ਤੇ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਸੂਬਾ ਮਹਾਮੰਤਰੀ ਐਡਵੋਕੇਟ ਵੇਦਪਾਲ, ਕਾਲਕਾ ਦੀ ਸਾਬਕਾ ਵਿਧਾਇਕ ਲਤਿਕਾ ਸ਼ਰਮਾ ਨੇ ਕੇਂਦਰੀ ਵਿਤ ਮੰਤਰੀ ਨੂੰ ਸਨਮਾਨਿਤ ਵੀ ਕੀਤਾ।