ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਜ਼ਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਸਥਿਤ ਬਾਬਾ ਬੰਸੀ ਵਾਲਾ ਬਿਰਧ ਆਸ਼ਰਮ ਤੇ ਸਾਕਸ਼ੀ ਬਾਲਾ ਕੁੰਜ ਆਸ਼ਰਮ ਦਾ ਦੌਰਾ ਕਰ ਕੇ ਬਜ਼ੁਰਗਾਂ ਤੇ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਉਨ੍ਹਾਂ ਨੇ ਬਜ਼ੁਰਗਾਂ ਤੇ ਬੱਚਿਆਂ ਨੂੰ ਮਠਿਆਈਆਂ ਵੰਡੀਆਂ ਤੇ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਬਜ਼ੁਰਗਾਂ ਤੇ ਬੱਚਿਆਂ ਨੂੰ ਸ਼ਾਲ, ਫਲਾਂ ਦੀਆਂ ਟੋਕਰੀਆਂ ਤੇ ਮਠਿਆਈਆਂ ਵੀ ਵੰਡੀਆਂ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਲਾਡਵਾ ਸਥਿਤ ਬਾਬਾ ਬੰਸੀਵਾਲਾ ਬਿਰਧ ਆਸ਼ਰਮ ਵਿਚ ਮੱਥਾ ਟੇਕਿਆ। ਉਨ੍ਹਾਂ ਬਜ਼ੁਰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਆਏ ਹਨ। ਇਸ ਮੌਕੇ ਉਨ੍ਹਾਂ ਬਜ਼ੁਰਗਾਂ ਤੋਂ ਉਨ੍ਹਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦੇ ਨਾਲ ਨਾਲ ਹੋਰ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ। ਕੁਝ ਬਜ਼ੁਰਗਾਂ ਨੇ ਮੁੱਖ ਮੰਤਰੀ ਨੂੰ ਬੁਢਾਪਾ ਪੈਨਸ਼ਨ ਦੇਣ ਤੇ ਆਯੂਸ਼ਮਾਨ ਕਾਰਡ ਬਣਾਉਣ ਦੀ ਮੰਗ ਵੀ ਕੀਤੀ।
ਮੁੱਖ ਮੰਤਰੀ ਨੇ ਮੌਕੇ ’ਤੇ ਮੌਜੂਦ ਡਿਪਟੀ ਕਮਿਸ਼ਨਰ ਨੂੰ ਪੈਨਸ਼ਨ ਤੇ ਆਯੂਸ਼ਮਾਨ ਕਾਰਡ ਬਣਾਉਣ ਸਬੰਧੀ ਕਾਰਵਾਈ ਕਰਕੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਸ ਪਵਿੱਤਰ ਤਿਉਹਾਰ ਤੇ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਉਨ੍ਹਾਂ ਨੂੰ ਬਜ਼ੁਰਗਾਂ ਤੋਂ ਆਸ਼ੀਰਵਾਦ ਮਿਲਿਆ ਹੈ।
ਇਸ ਤੋਂ ਬਾਅਦ ਉਹ ਲਾਡਵਾ ਸਥਿਤ ਸਾਕਸ਼ੀ ਬਾਲਾ ਕੁੰਜ ਆਸ਼ਰਮ ਪੁੱਜੇ। ਇਥੇ ਉਨ੍ਹਾਂ ਨੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਵਾਂ ਦਿੱਤੀਆਂ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਕਿਉਂਕ ਮਿਹਨਤ ਕਰ ਕੇ ਹੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਸ਼ਰਮ ਦੇ ਸੰਚਾਲਕ ਤੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਚਿਲਡਰਨ ਸ਼ੈਲਟਰ ਦੇ ਡਾਇਰੈਕਟਰ ਨੇ ਦੱਸਿਆ ਕਿ ਇਥੇ 15 ਬੱਚੇ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ।
ਇਸ ਮਗਰੋਂ ਮੁੱਖ ਮੰਤਰੀ ਬਾਬੈਨ ਸਥਿਤ ਕਿਸਾਨ ਆਰਾਮ ਘਰ ਵਿਚ ਪੁੱਜੇ। ਇੱਥੇ ਭਾਜਪਾ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ, ਪੁਲੀਸ ਕਪਤਾਨ ਵਰੂਣ ਸਿੰਗਲਾ, ਐੱਸਡੀਐੱਮ ਪੰਕਜ ਸੇਤੀਆ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਲਾਡਵਾ ਨਗਰ ਪਾਲਿਕਾ ਪ੍ਰਧਾਨ ਸਾਕਸ਼ੀ ਖੁਰਾਣਾ, ਓਲਡ ਏਜ ਹੋਮ ਦੇ ਮੁਖੀ ਵਿਕਾਸ ਸਿੰਘਲ, ਬਾਲ ਘਰ ਦੇ ਮੁਖੀ ਸ਼ੀਸ਼ ਪਾਲ ਮੰਧਾਨਾ ਆਦਿ ਮੌਜੂਦ ਸਨ।