ਦਵਿੰਦਰ ਸਿੰਘ
ਯਮੁਨਾਨਗਰ, 6 ਮਈ
ਮੁੱਖ ਮੰਤਰੀ ਦੇ ਫਲਾਇੰਗ ਸਕੁਐਡ ਅਤੇ ਖੇਤੀਬਾੜੀ ਵਿਭਾਗ ਦੀ ਸਾਂਝੀ ਟੀਮ ਨੇ ਦਾਮਲਾ ਸਥਿਤ ਪਲਾਈਵੁੱਡ ਫੈਕਟਰੀ ਤੋਂ ਯੂਰੀਆ ਖਾਦ ਨਾਲ ਭਰੀ ਪਿਕਅੱਪ ਗੱਡੀ ਬਰਾਮਦ ਕੀਤੀ । ਪਿਕਅੱਪ ਗੱਡੀ ਵਿੱਚ ਯੂਰੀਆ ਖਾਦ ਦੀਆਂ 40 ਬੋਰੀਆਂ ਸਨ । ਦੱਸਿਆ ਜਾਂਦਾ ਹੈ ਕਿ ਪਲਾਈਵੁੱਡ ਫੈਕਟਰੀ ਵਿੱਚ ਇਹ ਯੂਰੀਆ ਖਾਦ ਗੂੰਦ ਬਣਾਉਣ ਲਈ ਮੰਗਵਾਈ ਜਾਂਦੀ ਸੀ । ਪੁਲੀਸ ਨੇ ਖਾਦ ਨਾਲ ਭਰੀ ਪਿਕਅੱਪ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਫੈਕਟਰੀ ਸੰਚਾਲਕ ਸਮੇਤ ਤਿੰਨ ਹੋਰਨਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅੱਜ ਸਵੇਰੇ ਮੁੱਖ ਮੰਤਰੀ ਦੇ ਉਡਣ ਦਸਤੇ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਯੂਰੀਆ ਖਾਦ ਦੀਆਂ ਬੋਰੀਆਂ ਨਾਲ ਭਰੀ ਪਿਕਅੱਪ ਗੱਡੀ ਪਿੰਡ ਦਾਮਲਾ ਸਥਿਤ ਭਗਵਤੀ ਪਲਾਈਵੁੱਡ ਫੈਕਟਰੀ ਵਿੱਚ ਜਾ ਰਹੀ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਸੀਐੰਮ ਫਲਾਇੰਗ ਅਤੇ ਖੇਤੀਬਾੜੀ ਵਿਭਾਗ ਦੀ ਟੀਮ ਭਗਵਤੀ ਪਲਾਈਵੁੱਡ ਫੈਕਟਰੀ ਨੇੜੇ ਪੁੱਜੀ ਅਤੇ ਪਿੱਕਅੱਪ ਗੱਡੀ ਦੇ ਆਉਣ ਦੀ ਉਡੀਕ ਕਰਨ ਲੱਗੀ। ਕੁਝ ਸਮੇਂ ਜਦੋਂ ਗੱਡੀ ਫੈਕਟਰੀ ਕੋਲ ਪੁੱਜੀ ਤਾਂ ਉਥੇ ਤਾਇਨਾਤ ਗਾਰਡ ਨੇ ਖਾਦ ਨਾਲ ਭਰੀ ਗੱਡੀ ਅੰਦਰ ਦਾਖਲ ਕਰਵਾ ਕੇ ਗੇਟ ਬੰਦ ਕਰ ਦਿੱਤਾ। ਮੌਕੇ ’ਤੇ ਸੀਐੱਮ ਫਲਾਇੰਗ ਅਤੇ ਖੇਤੀਬਾੜੀ ਵਿਭਾਗ ਦੀ ਟੀਮ ਨੇ ਗੇਟ ਖੋਲ੍ਹ ਕੇ ਪਿਕਅੱਪ ਗੱਡੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜਸਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪਲਾਈਵੁੱਡ ਫੈਕਟਰੀਆਂ ਵਿੱਚ ਯੂਰੀਆ ਖਾਦ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਪਲਾਈਵੁੱਡ ਆਪ੍ਰੇਟਰਾਂ ਦੀ ਮੀਟਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਯੂਰੀਆ ਖਾਦ ਗੂੰਦ ਲਈ ਨਾ ਵਰਤਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਕੁਝ ਲੋਕ ਗੂੰਦ ਬਣਾਉਣ ਲਈ ਯੂਰੀਆ ਖਾਦ ਦੀ ਵਰਤੋਂ ਕਰ ਰਹੇ ਹਨ ।