ਪੱਤਰ ਪ੍ਰੇਰਕ
ਯਮੁਨਾਨਗਰ, 15 ਅਪਰੈਲ
ਇੱਥੇ ਅੱਜ ਮੁੱਖ ਮੰਤਰੀ ਦੇ ਉਡਣ ਦਸਤੇ ਨੇ ਜਠਲਾਨਾ ਮਾਰਗ ’ਤੇ ਸਥਿਤ ਖਜੂਰੀ ਅੱਡੇ ’ਤੇ ਯੂਰੀਆ ਖਾਦ ਨਾਲ ਭਰੀ ਟਰਾਲੀ ਫੜੀ। ਟਰਾਲੀ ਵਿੱਚ ਯੂਰੀਆ ਖਾਦ ਦੀਆਂ 47 ਬੋਰੀਆਂ ਸਨ। ਇਸ ਦੌਰਾਨ ਟਰੈਕਟਰ ਟਰਾਲੀ ਡਰਾਈਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਉਡਣ ਦਸਤੇ ਦੇ ਏਐੱਸਆਈ ਰਾਜਬੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਯੂਰੀਆ ਖਾਦ ਨਾਲ ਭਰੀ ਇੱਕ ਟਰੈਕਟਰ ਟਰਾਲੀ ਜਠਲਾਨਾ ਮਾਰਗ ’ਤੇ ਜਾ ਰਹੀ ਹੈ। ਇਸ ਦੌਰਾਨ ਸ਼ੱਕ ਪ੍ਰਗਟ ਕੀਤਾ ਗਿਆ ਕਿ ਕੋਈ ਵਿਅਕਤੀ ਇਹ ਖਾਦ ਕਿਸੇ ਫੈਕਟਰੀ ਵਿੱਚ ਸਪਲਾਈ ਕਰਨ ਲਈ ਲਿਜਾ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਉਡਣ ਦਸਤੇ ਨੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਉਪਮੰਡਲ ਖੇਤੀ ਅਧਿਕਾਰੀ ਸਤਬੀਰ ਅਤੇ ਕੁਆਲਿਟੀ ਕੰਟਰੋਲ ਇੰਸਪੈਕਟਰ ਬਾਲ ਮੁਕੰਦ ਨੂੰ ਮੌਕੇ ’ਤੇ ਬੁਲਾਇਆ ਗਿਆ। ਇਸ ਦੌਰਾਨ ਟਰੈਕਟਰ ਤੇ ਟਰਾਲੀ ਦੀ ਜਾਂਚ ਕੀਤੀ ਗਈ। ਜਾਂਚ ਕੀਤੇ ਜਾਣ ਤ’ੇ ਇਸ ਖਾਦ ਸਬੰਧੀ ਕੋਈ ਵੀ ਬਿਲ ਅਤੇ ਦਸਤਾਵੇਜ਼ ਨਾ ਮਿਲਣ ’ਤੇ ਸ਼ੱਕ ਹੈ ਕਿ ਇਹ ਖਾਦ ਗੈਰਕਾਨੂੰਨੀ ਤੌਰ ’ਤੇ ਕਿਸੇ ਫੈਕਟਰੀ ਵਿੱਚ ਸਪਲਾਈ ਕੀਤੀ ਜਾਣੀ ਸੀ। ਇਸ ਦੌਰਾਨ ਕਰਮਚਾਰੀਆਂ ਨੇ ਵਿਭਾਗੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਖੇਤੀ ਵਿਭਾਗ ਨੇ ਇਹ ਟਰੈਕਟਰ ਟਰਾਲੀ ਸੀਲ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਜਠਲਾਨਾ ਥਾਣਾ ਮੁਖੀ ਰਘਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ, ਜਾਂਚ ਤੋਂ ਬਾਅਦ ਬਣਦੀ ਕਰਵਾਈ ਕੀਤੀ ਜਾਵੇਗੀ ।