ਰਤੀਆ (ਪੱਤਰ ਪ੍ਰੇਰਕ): ਸ਼ਹਿਰ ਦੇ ਪੁਰਾਣੇ ਬਾਜ਼ਾਰ ਸਥਿਤ ਪਟਵਾਰ ਭਵਨ ਦੀ ਖਸਤਾ ਹਾਲਤ ਕਿਸੇ ਸਮੇਂ ਵੀ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੀ ਹੈ। ਵਾਰਡ ਵਾਸੀਆਂ ਨੇ ਪਟਵਾਰ ਭਵਨ ਅਤੇ ਉਸ ਦੇ ਨਾਲ ਲੱਗਦੀ ਲਾਇਬਰੇਰੀ ਦੀ ਹਾਲਤ ਨਗਰ ਕੌਂਸਲ ਦੇ ਨਵਨਿਯੁਕਤ ਚੇਅਰਮੈਨ ਹਰਬੰਸ ਖੰਨਾ ਨੂੰ ਦਿਖਾ ਕੇ ਇਸ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਲੰਮੇ ਸਮੇਂ ਤੋਂ ਵੱਖ ਵੱਖ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਇਮਾਰਤ ਨੂੰ ਖੰਡਰ ਵੀ ਘੋਸ਼ਿਤ ਕੀਤਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਵੀ ਇਮਾਰਤ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਵੀ ਇਸ ਨੂੰ ਵਿਧਾਇਕ ਲਛਮਣ ਨਾਪਾ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਨ੍ਹਾਂ ਨੇ ਇਸ ਬਿਲਡਿੰਗ ਦੀ ਨਵ ਉਸਾਰੀ ਲਈ ਨਗਰ ਕੌਂਸਲ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਸਨ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਸਕੱਤਰ ਪੰਕਜ ਗੁਰਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਦੇ ਜੇਈ ਨੂੰ ਰਿਪੋਰਟ ਤਿਆਰ ਕਰਨ ਨੂੰ ਕਿਹਾ ਗਿਆ ਹੈ ਤਾਂ ਕਿ ਇਸ ਜਗ੍ਹਾ ’ਤੇ ਨਵੀ ਇਮਾਰਤ ਦੀ ਉਸਾਰੀ ਕੀਤੀ ਜਾ ਸਕੇ।