ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਸੱਦੇ ’ਤੇ ਸੂਬੇ ਨੂੰ ਨਸ਼ਾਮੁਕਤ ਕਰਨ ਸਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਕੱਢੀ ਜਾ ਰਹੀ ਸਾਈਕਲੋਥਾਨ ਯਾਤਰਾ ਦਾ ਹਲਕਾ ਲਾਡਵਾ ਦੇ ਪਿੰਡ ਕਾਲੀ ਰਾਣੋ, ਭੁਖੜੀ, ਝੰਡੋਲਾ, ਸੰਘੋਰ, ਮੰਗੋਲੀ ਜਾਟਾਨ, ਬੀੜ ਮੰਗੋਲੀ ਵਿਚ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਖੇਤਰ ਵਿਚ ਸਾਈਕਲੋਥਾਨ ਯਾਤਰਾ ਦਾ ਮੁੱਖ ਮੰਤਰੀ ਦੇ ਓਐੱਸਡੀ ਭੁਪੇਸ਼ਵਰ ਦਿਆਲ, ਲਾਡਵਾ ਦੇ ਸਾਬਕਾ ਵਿਧਾਇਕ ਡਾ. ਪਵਨ ਸੈਣੀ, ਐੱਸਡੀਐੱਮ ਨਸੀਬ ਕੁਮਾਰ ਆਦਿ ਨੇ ਸਵਾਗਤ ਕੀਤਾ। ਇਹ ਯਾਤਰਾਂ ਅੱਜ ਜ਼ਿਲ੍ਹਾ ਕੁਰੂਕਸ਼ੇਤਰ ਦੇ ਆਖਰੀ ਪਿੰਡ ਬੀੜ ਮੰਗੋਲੀ ਤੋਂ ਜ਼ਿਲ੍ਹਾ ਅੰਬਾਲਾ ਦੀ ਹੱਦ ਪਿੰਡ ਅਕਾਲਗੜ੍ਹ ਵਿਚ ਦਾਖਲ ਹੋਈ।
ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਮਹਾਮੰਤਰੀ ਤੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਸੰਕਲਪ ਲਿਆ ਹੈ ਕਿ ਸੂਬੇ ਦੀ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਨੂੰ ਲੈ ਕੇ ਪਹਿਲੀ ਸਤੰਬਰ ਤੋਂ 25 ਸਤੰਬਰ ਤੱਕ ਪੂਰੇ ਸੂਬੇ ਵਿਚ ਸਾਈਕਲੋਥਾਨ ਯਾਤਰਾ ਕੱਢੀ ਜਾ ਰਹੀ ਹੈ, ਜੋ ਨੌਜਵਾਨਾਂ ਨਾਲ ਮਿਲ ਕੇ ਨਸ਼ੇ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਉਨ੍ਹਾਂ ਨੂੰ ਜਾਗਰੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਯਤਨ ਹੈ ਕਿ ਨਸ਼ਾਮੁਕਤ ਹਰਿਆਣਾ ਹੋਵੇ ਤਾਂ ਜੋ ਨੌਜਵਾਨਾਂ ਨੂੰ ਨਵੀਂ ਦਿਸ਼ਾ ਮਿਲ ਸਕੇ। ਇਸ ਮੌਕੇ ਬੀਡੀਪੀਓ ਰੂਬਲ ਦੀਨ ਦਿਆਲ, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਜਸਵਿੰਦਰ ਧਿਆਂਗਲਾ, ਸ਼ੀਸ਼ ਪਾਲ ਪ੍ਰਹਿਲਾਦ ਪੁਰ, ਵਿਕਾਸ ਜਾਲਖੇੜੀ, ਸਰਪੰਚ ਲਜਾ ਰਾਮ, ਓਮ ਪ੍ਰਕਾਸ਼ ਸੈਣੀ ਆਦਿ ਮੌਜੂਦ ਸਨ।
ਵਿਦਿਆਰਥੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਸਾਈਕਲ ਰੈਲੀ
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਚ ਨਸ਼ਾਮੁਕਤੀ ਮੁਹਿੰਮ ਦੇ ਤਹਿਤ ਸਾਈਕਲ ਰੈਲੀ ਕੱਢੀ ਗਈ, ਜਿਸ ਨੂੰ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਵਿਚ 120 ਵਿਦਿਆਰਥੀਆਂ ਨੇ ਹਿੱਸਾ ਲਿਆ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਲੰਘੀ। ਬੱਚਿਆਂ ਨੇ ਆਪਣੇ ਸਾਈਕਲਾਂ ’ਤੇ ਨਸ਼ਾ ਵਿਰੋਧੀ ਨਾਅਰੇ ਲਿਖ ਕੇ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।