ਨਿੱਜੀ ਪੱਤਰ ਪ੍ਰੇਰਕ
ਸਿਰਸਾ, 9 ਅਕਤੂਬਰ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਜ਼ਿਲ੍ਹਾ ਸਿਰਸਾ ਦੀ ਮੀਟਿੰਗ ਕਾਮਰੇਡ ਅਰਮਾਨ ਸਿੰਘ ਦੀ ਪ੍ਰਧਾਨਗੀ ਹੇਠ ਰਾਣੀਆਂ ਸਥਿਤ ਬਾਬਾ ਬੰਤਾ ਸਿੰਘ ਭਵਨ ’ਚ ਹੋਈ ਜਿਸ ਵਿੱਚ ਹਰਿਆਣਾ ਦੀਆਂ ਚੋਣਾਂ ਦੀ ਸਮੀਖਿਆ ਕੀਤੀ ਗਈ। ਭਾਜਪਾ ਨੂੰ ਬਹੁਮਤ ਮਿਲਣ ’ਤੇ ਚਰਚਾ ਕਰਦਿਆਂ ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਦਾ ਕਾਰਨ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਇੰਡੀਆ ਗੱਠਜੋੜ ਦੇ ਰੂਪ ਵਿੱਚ ਇਕੱਠੇ ਚੋਣ ਨਾ ਲੜਨਾ ਅਤੇ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵਿੱਚ ਨੇਤਾਵਾਂ ਵਿੱਚ ਧੜੇਬੰਦੀ ਜਿਥੇ ਮੁੱਖ ਕਾਰਨ ਹਨ ਉਥੇ ਹੀ ਭਾਜਪਾ ਦੇ ਹੱਕ ਵਿੱਚ ਜਾਟ ਵਿਰੋਧੀ ਵੋਟ ਅਤੇ ਪੈਸੇ ਦੀ ਤਾਕਤ ਦੀ ਵਰਤੋਂ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ’ਚ ਚੋਣ ਕਮਿਸ਼ਨ ਨੇ ਵੀ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ, ਉਸ ਦਾ ਰਵੱਈਆ ਕਥਿਤ ਪੱਖਪਾਤੀ ਸੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ’ਚ ਲੋਕਤੰਤਰ ਦਾ ਕਤਲ ਕੀਤਾ ਗਿਆ।