ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਸਤੰਬਰ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ 25 ਸਤੰਬਰ ਦੇ ‘ਭਾਰਤ ਬੰਦ’ ਦਾ ਅਸਰ ਹਰਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ 20 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਕਿਸਾਨ ਹਰਿਆਣਾ ਬੰਦ ਕਰ ਚੁੱਕੇ ਹਨ। ਅੱਜ ਕਿਸਾਨਾਂ ਨੇ ਅੰਬਾਲਾ-ਦਿੱਲੀ ਕੌਮੀ ਮਾਰਗ ’ਤੇ ਆਵਾਜਾਈ ਰੋਕ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਨਾਲ ਹੀ ਸੈਂਕੜਾਂ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ। ਯਮੁਨਾਨਗਰ ਵਿੱਚ ਅੰਦੋਲਨਕਾਰੀਆਂ ਨੇ ਅੰਬਾਲਾ-ਸਹਾਰਨਪੁਰ ਰੇਲਵੇ ਮਾਰਗ ’ਤੇ ਆਵਾਜਾਈ ਰੋਕੀ। ਦੂਜੇ ਪਾਸੇ ਅੰਬਾਲਾ ਵਿੱਚ ਕਿਸਾਨਾਂ ਨੇ ਸ਼ੰਭੂ ਬੈਰੀਅਰ ਨੇੜੇ ਜਾਮ ਲਾਈ ਰੱਖਿਆ। ਸ਼ੰਭੂ ਬੈਰੀਅਰ ’ਤੇ ਜਾਮ ਲੱਗਣ ਕਾਰਨ ਫੌਜੀ ਦੀਆਂ ਗੱਡੀਆਂ ਦਾ ਕਾਫਲਾ ਘੰਟਿਆਂਬੱਧੀ ਭੀੜ ਵਿਚ ਫਸਿਆ ਰਿਹਾ। ਫੌਜ ਦਾ ਇਹ ਕਾਫ਼ਲਾ ਪੰਜਾਬ ਤੋਂ ਦਿੱਲੀ ਜਾ ਰਿਹਾ ਸੀ, ਜਿਸ ਨੂੰ ਕਿਸਾਨਾਂ ਨੇ ਸ਼ੰਭੂ ਬੈਰੀਅਰ ’ਤੇ ਰੋਕ ਲਿਆ। ਇਸ ਦੌਰਾਨ ਫੌਜੀ ਅਫ਼ਸਰਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਲੰਘਣ ਨਹੀਂ ਦਿੱਤਾ। ਕਈ ਘੰਟਿਆਂ ਦੀ ਜੱਦੋਜਹਿਦ ਮਗਰੋਂ ਫੌਜ ਦੇ ਕਾਫ਼ਲੇ ਨੂੰ ਮੁੜਨਾ ਪਿਆ। ਹਰਿਆਣਾ ਵਿੱਚ ਭਾਰਤ ਬੰਦ ਦਾ ਸਮਰਥਨ ਮੁਲਾਜ਼ਮ ਜਥੇਬੰਦੀਆਂ, ਇਨੈਲੋ ਤੇ ਕਾਂਗਰਸ ਨੇ ਕੀਤਾ। ਕਿਸਾਨਾਂ ਨੇ ਚੰਡੀਗੜ੍ਹ ਤੋਂ ਲੈ ਕੇ ਸਿਰਸਾ ਤੱਕ ਸ਼ਕਤੀ ਪ੍ਰਦਰਸ਼ਨ ਕੀਤਾ। ਪੰਜਾਬ ਨਾਲ ਲੱਗਦੇ ਹਰਿਆਣਾ ਦੇ ਸਿਰਸਾ ਤੇ ਫਤਿਹਾਬਾਦ ਵਿੱਚ ਕਿਸਾਨਾਂ ਨੇ ਸੜਕਾਂ ’ਤੇ ਕੇਂਦਰੀ ਖੇਤੀ ਬਿੱਲਾਂ ਦਾ ਵਿਰੋਧ ਕੀਤਾ। ਉਧਰ, ਭਾਰਤ ਬੰਦ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਪੂਰੀ ਤਰ੍ਹਾਂ ਚੌਕਸ ਸੀ। ਖਾਸ ਕਰਕੇ ਕੌਮੀ ਮਾਰਗਾਂ ’ਤੇ ਸਥਿਤ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਅਤੇ ਅੰਬਾਲਾ ਸ਼ਹਿਰ ਵਿੱਚ ਪੁਲੀਸ ਨੇ ਧਰਨਿਆਂ ’ਤੇ ਤਿੱਖੀ ਨਜ਼ਰ ਰੱਖੀ ਹੋਈ ਸੀ। ਪੁਲੀਸ ਗਸ਼ਤ ਦੌਰਾਨ ਕਿਸਾਨਾਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖ ਰਹੀ ਸੀ। ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਦਿਨ ਭਰ ਹੰਗਾਮਾ ਹੁੰਦਾ ਰਿਹਾ ਜਿਸ ਦਾ ਕਰਮਚਾਰੀਆਂ, ਵਪਾਰੀਆਂ ਅਤੇ ਮਜ਼ਦੂਰ ਜਥੇਬੰਦੀਆਂ ਨੇ ਸਮਰਥਨ ਕੀਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਨੇ ਖੇਤੀ ਬਿੱਲਾਂ ਖ਼ਿਲਾਫ਼ ਸੰਰਘਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਾਲਕਾ ਤੋਂ ਆਪਣਾ ਦੌਰਾ ਸ਼ੁਰੂ ਕੀਤਾ ਅਤੇ ਵੱਖ ਵੱਖ ਹਲਕਿਆਂ ਵਿੱਚ ਜਾ ਕੇ ਕਿਸਾਨਾਂ ਦਾ ਹੌਸਲਾ ਵਧਾਇਆ। ਬੰਦ ਨੂੰ ਸਫ਼ਲ ਕਰਾਰ ਦਿੰਦੇ ਹੋਏ ਉਨ੍ਹਾਂ ਆਖਿਆ ਕਿ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।