ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਮਈ
ਲੌਕਡਾਊਨ ਕਾਰਨ ਸੂਬੇ ਦੇ ਸਿਰਫ ਇਕੋ ਇਕ ਫੁੱਲ ਉਤਪਾਦਕ ਪਿੰਡ ਬੀੜ ਸੂਜਰਾ ਦੇ ਕਿਸਾਨ ਆਰਥਿਕ ਸੰਕਟ ਵਿਚ ਘਿਰ ਗਏ ਹਨ। ਬੀਤੇ ਦੋ ਵਰ੍ਹਿਆਂ ਤੋਂ ਫੁੱਲਾਂ ਦੀ ਭਾਰੀ ਮੰਦੀ ਨੇ ਇਸ ਪਿੰਡ ਦੇ ਕਿਸਾਨਾਂ ਨੂੰ ਆਰਥਿਕ ਪਖੋਂ ਝੰਜੋੜ ਕੇ ਰੱਖ ਦਿੱਤਾ ਹੈ। ਪਿਛਲੇ ਸਾਲ ਤੋਂ ਮਾਰਚ, ਅਪਰੈਲ ਤੇ ਮਈ ਮਹੀਨਿਆਂ ਵਿਚ ਲੱਗੇ ਲੌਕਡਾਊਨ ਦੀ ਮਾਰ ਸਭ ਤੋਂ ਜ਼ਿਆਦਾ ਇਨ੍ਹਾਂ ਫੁੱਲ ਉਤਪਾਦਕਾਂ ’ਤੇ ਪਈ ਹੈ। ਪਿੰਡ ਦੇ ਕਿਸਾਨ ਸੁਮਿਤ ਕੁਮਾਰ, ਤਿਰਲੋਕ ਚੰਦ, ਸ਼ਾਮ ਲਾਲ, ਸਤਪਾਲ, ਜੈ ਨਰਾਇਣ, ਰਮੇਸ਼ ਕੁਮਾਰ, ਅਮੀ ਚੰਦ, ਓਮ ਪ੍ਰਕਾਸ਼ ਨੇ ਕਿਹਾ ਕਿ ਲੌਕਡਾਊਨ ਕਰ ਕੇ ਵਿਆਹ ਸਮਾਰੋਹ, ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਬੰਦ ਹੋਣ ਕਾਰਨ ਬਾਜ਼ਾਰ ਵਿਚ ਫੁੱਲਾਂ ਦੀ ਮੰਗ ਨਾ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕਿ ਬਾਜ਼ਾਰ ਵਿਚ ਜਿਨ੍ਹਾਂ ਫੁੱਲਾਂ ਦਾ ਭਾਅ 80 ਤੋਂ 100 ਰੁਪਏ ਹੁੰਦਾ ਸੀ ਹੁਣ ਸਿਰਫ 5-6 ਰੁਪਏ ਰਹਿ ਗਿਆ ਹੈ ਤੇ ਉਹ ਵੀ ਸੀਮਤ ਮਾਤਰਾ ਵਿਚ। ਫੁੱਲ ਬਾਜ਼ਾਰ ਵਿਚ ਨਾ ਵਿਕਣ ਕਰਕੇ ਕਿਸਾਨ ਖੇਤ ਵਿਚ ਹੀ ਫਸਲ ਤਬਾਹ ਕਰਨ ਨੂੰ ਮਜਬੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਕਰੀਬ 300 ਏਕੜ ਵਿਚ ਫੁੱਲਾਂ ਦੀ ਖੇਤੀ ਹੁੰਦੀ ਹੈ ਤੇ ਕਿਸਾਨਾਂ ਦੀ ਮੁੱਖ ਆਮਦਨ ਦਾ ਸਾਧਨ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੇ ਪਿੰਡ ਵਿਚ ਅਧਿਕਾਰੀਆਂ ਦੀ ਟੀਮ ਭੇਜੇ ਤੇ ਮੁਆਇਨਾ ਕਰਾ ਉਨ੍ਹਾਂ ਨੂੰ ਰਾਹਤ ਪੈਕਜ ਦੇਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ।