ਪੱਤਰ ਪ੍ਰੇਰਕ
ਜੀਂਦ/ ਉਚਾਨਾ, 7 ਨਵੰਬਰ
ਉਚਾਨਾ ਤੋਂ ਕਿਸਾਨ ਆਗੂ ਸਤਿਵੀਰ ਸ਼ਰਮਾ ਅਤੇ ਸਿੱਕਮ ਸਫਾਖੇੜੀ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਕਦੀਂ ਪੀਆਰ ਝੋਨੇ ਦੀ ਖ਼ਰੀਦ ਨੂੰ ਲੈ ਕੇ ਅਤੇ ਕਦੀ ਡੀਏਪੀ ਖਾਦ ਨਾ ਮਿਲਣ ਕਾਰਨ ਪ੍ਰੇਸ਼ਾਨ ਹੋ ਰਿਹਾ ਹੈ, ਜਿਸਦਾ ਪ੍ਰਸ਼ਾਸਨ ਕੋਈ ਹੱਲ ਨਹੀਂ ਕੱਢ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀ ਵਿੱਚ ਅਜੇ ਵੀ ਹਜ਼ਾਰਾਂ ਕੁਇੰਟਲ ਪੀਆਰ ਝੋਨਾ ਖਰੀਦ ਲਈ ਪਿਆ ਹੈ ਪਰੰਤੂ ਕੋਈ ਅਧਿਕਾਰੀ ਸੁਣਵਾਈ ਨਹੀਂ ਕਰ ਰਿਹਾ ਹੈ।
ਇਸ ਮੌਕੇ ਮਾਰਕੀਟ ਕਮੇਟੀ ਉਚਾਨਾ ਦੇ ਰਿਕਾਰਡ ਅਨੁਸਾਰ ਹੁਣ ਤੱਕ ਇੱਕ ਲੱਖ ਕੁਇੰਟਲ ਤੋਂ ਵੱਧ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਪਰ ਕਿਸਾਨਾਂ ਨੂੰ ਅਜੇ ਵੀ ਝੋਨੇ ਦੀ ਖਰੀਦ ਵੱਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਨੇ ਕੱਲ੍ਹ ਸ਼ਾਮੀਂ ਮਾਰਕੀਟ ਕਮੇਟੀ ਉਚਾਨਾ ਨੂੰ ਜਿੰਦਰਾ ਹੀ ਜੜ ਦਿੱਤਾ ਹੈ। ਤਾਲਾ ਲਗਾਉਣ ਤੋਂ ਮਗਰੋਂ ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਰੋਸ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਕਈ ਕਈ ਦਿਨ ਤੱਕ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਕਈ ਕਈ ਰਾਤ ਅਨਾਜ ਮੰਡੀ ਵਿੱਚ ਖੁਲ੍ਹੇ ਅਸਮਾਨ ਹੇਠ ਬਿਤਾਉਣੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਨਿਯਮਾਂ ਦੇ ਅਨੁਸਾਰ ਝੋਨੇ ਵਿੱਚ ਨਮੀ ਦੀ ਮਾਤਰਾ ਬਹੁਤ ਹੀ ਘੱਟ ਆ ਰਹੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਕਿਸਾਨ ਦੀ ਝੋਨੇ ਦੀ ਫਸਲ ਦੀ ਸਮੇਂ ਅਨੁਸਾਰ ਖ਼ਰੀਦ ਕਰੇ ਤਾਂ ਕਿ ਕਿਸਾਨ ਆਪਣੀ ਫਸਲ ਵੇਚ ਕੇ ਆਪਣੇ ਘਰਾਂ ਨੂੰ ਪਰਤ ਸਕਣ। ਉਨ੍ਹਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਸਰ੍ਹੋਂ ਅਤੇ ਕਣਕ ਦੀ ਫਸਲ ਦੀ ਬਿਜਾਈ ਲਈ ਹੁਣੇ ਡੀਏਪੀ ਖਾਦ ਲੋੜੀਂਦੀ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਡੀਏਪੀ ਖਾਦ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਨ੍ਹਾਂ ਨੂੰ ਇਨ੍ਹਾਂ ਫਸਲਾਂ ਦੀ ਬਿਜਾਈ ਲਈ ਹੋਰ ਵਧੇਰੇ ਉਡੀਕ ਨਾ ਕਰਨੀ ਪਵੇ।