ਟ੍ਰਿਬਿਊਨ ਨਿਊਜ਼ ਸਰਵਿਸ
ਪੰਚਕੂਲਾ, 28 ਨਵੰਬਰ
ਹਰਿਆਣਾ ਦੇ ਕਿਸਾਨਾਂ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਆਪਣਾ ਤਿੰਨ ਦਿਨਾ ਧਰਨਾ ਖਤਮ ਕਰਨ ਦਾ ਫੈਸਲਾ ਕੀਤਾ ਹੈ। ਉਹ ਆਪਣੀ ਅਗਲੀ ਕਾਰਵਾਈ ਦਾ ਫੈਸਲਾ ਕਰਨ ਲਈ ਹਿਸਾਰ ਵਿੱਚ ਕਿਸਾਨ ਯੂਨੀਅਨਾਂ ਦੀ ਮੀਟਿੰਗ ਕਰਨਗੇ। ਅੱਜ ਦੁਪਹਿਰ ਨੂੰ ਪੰਦਰਾਂ ਕਿਸਾਨ ਆਗੂ ਮੀਟਿੰਗ ਲਈ ਹਰਿਆਣਾ ਰਾਜ ਭਵਨ ਪੁੱਜੇ। ਆਗੂਆਂ ਨੇ ਕਿਹਾ ਕਿ ਉਨ੍ਹਾਂ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਹੈ। ਆਗੂਆਂ ਵਿੱਚ ਬੀਕੇਯੂ (ਸ਼ਹੀਦ ਭਗਤ ਸਿੰਘ ਯੂਨੀਅਨ) ਦੇ ਅਮਰਜੀਤ ਸਿੰਘ, ਸੁਰੇਸ਼ ਕੋਠ ਅਤੇ ਬੀਕੇਯੂ (ਚੰਡੀਗੜ੍ਹ) ਦੇ ਕੁਲਦੀਪ ਸਿੰਘ ਕੁੰਡੂ ਸ਼ਾਮਲ ਸਨ। ਸ੍ਰੀ ਕੋਠ ਨੇ ਕਿਹਾ, ‘ਸੰਯੁਕਤ ਕਿਸਾਨ ਮੋਰਚਾ ਨੇ ਆਪਣਾ ਵਿਰੋਧ ਖਤਮ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ‘ਤੇ ਚਰਚਾ ਕੀਤੀ। ਅਸੀਂ ਮੰਗ ਪੱਤਰ ਸੌਂਪਿਆ ਹੈ। ਹੁਣ ਕੇਂਦਰ ਨੇ ਫੈਸਲਾ ਲੈਣਾ ਹੈ।’ ਉਨ੍ਹਾਂ ਕਿਹਾ ਕਿ ਕਿਸਾਨ ਕਾਰਵਾਈ ਦੀ ਉਡੀਕ ਕਰ ਰਹੇ ਹਨ ਅਤੇ ਜੇ ਮਾਮਲਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਉਨ੍ਹਾਂ ਦੱਸਿਆ ਕਿ ਮੰਗਾਂ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ, ਕਰਜ਼ਾ ਮੁਆਫੀ ਅਤੇ ਲਖੀਮਪੁਰ ਖੀਰੀ ਵਿਖੇ ਮਾਰੇ ਗਏ ਕਿਸਾਨਾਂ ਨੂੰ ਇਨਸਾਫ ਦੇਣਾ ਸ਼ਾਮਲ ਹੈ।