ਪ੍ਰਭੂ ਦਿਆਲ
ਸਿਰਸਾ, 9 ਮਈ
ਇਥੇ ਪਿੰਡ ਮੱਲੇਵਾਲਾ ਵਿੱਖ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਗਰੀਬ ਪਰਿਵਾਰ ਦਾ ਘਰੇਲੂ ਸਾਮਾਨ ਤੇ ਘਰ ਬਣਾਉਣ ਲਈ ਰੱਖੀ ਤਿੰਨ ਲੱਖ ਰੁਪਏ ਦੀ ਨਗ਼ਦੀ ਸੜ ਕੇ ਸੁਆਹ ਹੋ ਗਈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਪਿੰਡ ਮੱਲੇਵਾਲਾ ਵਾਸੀ ਭਾਨ ਸਿੰਘ(75) ਆਪਣੇ ਪਰਿਵਾਰ ਨਾਲ ਮਜ਼ਦੂਰੀ ਦਾ ਕੰਮ ਕਰਦਾ ਹੈ। ਲੰਘੀ ਰਾਤ ਘਰ ਅੰਦਰ ਰੱਖੇ ਫਰਿੱਜ ’ਚ ਸ਼ਾਰਟ ਸਰਕਟ ਹੋਇਆ, ਜਿਸ ਨਾਲ ਘਰ ਦੇ ਸਾਮਾਨ ਨੂੰ ਅੱਗ ਲੱਗ ਗਈ। ਪਿੰਡ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ’ਤੇ ਕਾਬੂ ਨਾ ਪਾਇਆ ਜਾ ਸਕਿਆ। ਜਦੋਂ ਤੱਕ ਫਾਇਰ ਬ੍ਰਿਗੇਡ ਤੇ ਪਿੰਡ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ ਉਦੋਂ ਤੱਕ ਘਰ ਦਾ ਸਾਰਾ ਸਾਮਾਨ ਤੇ ਘਰ ਬਣਾਉਣ ਲਈ ਲੋਕਾਂ ਤੋਂ ਮੰਗ ਕੇ ਇਕੱਠੇ ਕੀਤੇ ਤਿੰਨ ਲੱਖ ਰੁਪਏ ਸੜ ਕੇ ਸੁਆਹ ਹੋ ਚੁੱਕੇ ਸਨ। ਭਾਨ ਸਿੰਘ ਤੇ ਉਸ ਦਾ ਪੁੱਤਰ ਦਿਹਾੜੀ ਕਰਦੇ ਹਨ ਜਦੋਂਕਿ ਘਰ ਦੀਆਂ ਔਰਤਾਂ ਪਿੰਡ ’ਚ ਲੋਕਾਂ ਦੇ ਘਰਾਂ ਦੀ ਸਾਫ ਸਫਾਈ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀਆਂ ਹਨ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਇਹ ਪੈਸੇ ਆਟੇ ਵਾਲੀ ਭੜੋਲੀ ’ਚ ਲੁਕਾ ਕੇ ਰੱਖੇ ਸਨ, ਪਰ ਇਥੇ ਵੀ ਇਹ ਪੈਸੇ ਉਹ ਬਚਾਅ ਨਹੀਂ ਸਕੇ।
ਕੈਪਸ਼ਨ: ਅੱਗ ਲੱਗਣ ਨਾਲ ਸੜੇ ਸਾਮਾਨ ਦਾ ਦ੍ਰਿਸ਼ ਤੇ ਨੋਟ।